Power crisis in Punjab: ਪੰਜਾਬ 'ਚ ਬਿਜਲੀ ਕੱਟਾਂ ਨਾਲ ਹਾਹਾਕਾਰ! ਗਰਮੀ ਕਰਕੇ ਮੰਗ 7500 ਮੈਗਾਵਾਟ ਤੱਕ ਪਹੁੰਚੀ, ਸਪਲਾਈ ਸਿਰਫ 4400 ਮੈਗਾਵਾਟ
Punjab News: ਪੰਜਾਬ ਵਿੱਚ ਵੀਰਵਾਰ ਨੂੰ ਦਿਨ ਵੇਲੇ ਸਭ ਤੋਂ ਵੱਧ 7500 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ। ਪਾਵਰਕੌਮ ਕੋਲ ਸਿਰਫ਼ 4400 ਮੈਗਾਵਾਟ ਬਿਜਲੀ ਉਪਲਬਧ ਸੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Power Cuts in Punjab: ਪੰਜਾਬ ਵਿੱਚ ਬਿਜਲੀ ਸੰਕਟ (Punjab Power Crisis) ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਪੰਜਾਬ ਵਿੱਚ 7500 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਦੇ ਮੁਕਾਬਲੇ ਪੂਰਤੀ ਸਿਰਫ਼ 4400 ਮੈਗਾਵਾਟ ਸੀ। ਪਾਵਰਕੌਮ (Punjab powercom) ਨੇ ਬਾਹਰੋਂ ਮਹਿੰਗੇ ਭਾਅ ’ਤੇ ਬਿਜਲੀ ਖਰੀਦੀ ਜੋ ਨਾਕਾਫ਼ੀ ਰਹੀ। ਉਦਯੋਗਾਂ ਨੂੰ ਸਾਢੇ ਛੇ ਘੰਟੇ ਤੱਕ ਦੀ ਕਟੌਤੀ (Power Cuts) ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪਿੰਡਾਂ ਵਿੱਚ 12 ਤੋਂ 13 ਘੰਟੇ ਤੇ ਸ਼ਹਿਰਾਂ ਵਿੱਚ ਤਿੰਨ ਤੋਂ ਚਾਰ ਘੰਟੇ ਦੀ ਕਟੌਤੀ ਕਾਰਨ ਲੋਕ ਬੇਹਾਲ ਹੋ ਗਏ।
ਸੂਬੇ 'ਚ ਬਿਜਲੀ ਸੰਕਟ ਦਰਮਿਆਨ ਪਾਵਰਕੌਮ ਨੇ ਵੀਰਵਾਰ ਨੂੰ ਰੋਪੜ ਦਾ ਇੱਕ ਯੂਨਿਟ ਦੁਪਹਿਰ ਕਰੀਬ 3 ਵਜੇ ਬੰਦ ਕਰ ਦਿੱਤਾ ਪਰ ਇਸ ਵੇਲੇ 210 ਮੈਗਾਵਾਟ ਦੇ ਇਸ ਯੂਨਿਟ ਤੋਂ ਸਿਰਫ਼ 84 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦੋਂਕਿ ਵੀਰਵਾਰ ਨੂੰ ਰੋਪੜ ਵਿੱਚ ਚਾਰ ਵਿੱਚੋਂ ਇੱਕ, ਤਲਵੰਡੀ ਸਾਬੋ ਵਿੱਚ ਤਿੰਨ ਵਿੱਚੋਂ ਦੋ ਤੇ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਰਿਹਾ। ਇਸ ਨਾਲ 1926 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ।
ਪੰਜਾਬ ਵਿੱਚ ਵੀਰਵਾਰ ਨੂੰ ਦਿਨ ਵੇਲੇ ਸਭ ਤੋਂ ਵੱਧ 7500 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ। ਪਾਵਰਕੌਮ ਕੋਲ ਸਿਰਫ਼ 4400 ਮੈਗਾਵਾਟ ਬਿਜਲੀ ਉਪਲਬਧ ਸੀ। ਪਾਵਰਕੌਮ ਨੇ ਰੋਪੜ ਦੇ ਆਪਣੇ ਦੋ ਯੂਨਿਟਾਂ ਤੇ ਲਹਿਰਾ ਮੁਹੱਬਤ ਦੇ ਚਾਰ ਯੂਨਿਟ, ਰਾਜਪੁਰਾ ਦੇ ਤਿੰਨ, ਤਲਵੰਡੀ ਸਾਬੋ ਦੇ ਇੱਕ ਯੂਨਿਟ ਤੇ ਗੋਇੰਦਵਾਲ ਦੇ ਇੱਕ ਯੂਨਿਟ ਤੋਂ 2186 ਮੈਗਾਵਾਟ ਬਿਜਲੀ ਹਾਸਲ ਹੋਈ। ਹਾਈਡਲ ਪ੍ਰਾਜੈਕਟ ਤੋਂ 509 ਮੈਗਾਵਾਟ ਤੇ ਹੋਰ ਸਾਰੇ ਸਰੋਤਾਂ ਨੂੰ ਮਿਲਾ ਕੇ ਸਿਰਫ਼ 4400 ਮੈਗਾਵਾਟ ਬਿਜਲੀ ਮਿਲੀ। ਪਾਵਰਕੌਮ ਨੇ ਵੀ ਬਾਹਰੋਂ 2400 ਮੈਗਾਵਾਟ ਬਿਜਲੀ ਖਰੀਦੀ ਸੀ ਪਰ 700 ਮੈਗਾਵਾਟ ਬਿਜਲੀ ਦੀ ਘਾਟ ਕਾਰਨ ਪਾਵਰਕੌਮ ਨੇ ਸ਼ਹਿਰ ਤੇ ਪੇਂਡੂ ਖੇਤਰਾਂ 'ਚ ਬਿਜਲੀ ਕੱਟ ਲਾਏ।
ਵੀਰਵਾਰ ਨੂੰ ਰੋਪੜ ਪਲਾਂਟ ਵਿੱਚ ਅੱਠ, ਲਹਿਰਾ ਵਿੱਚ ਚਾਰ, ਰਾਜਪੁਰਾ ਵਿੱਚ 18, ਤਲਵੰਡੀ ਸਾਬੋ ਵਿੱਚ ਛੇ ਤੇ ਗੋਇੰਦਵਾਲ ਵਿੱਚ ਦੋ ਦਿਨ ਦਾ ਕੋਲਾ ਬਚਿਆ ਹੈ। ਦੇਸ਼ ਦੇ ਸਾਰੇ ਸੂਬਿਆਂ ਵਿੱਚ ਬਿਜਲੀ ਦੀ ਮੰਗ ਵਧਣ ਕਾਰਨ ਹੁਣ ਪਾਵਰਕੌਮ ਚਾਹੇ ਵੀ ਤਾਂ ਵੀ ਉਸ ਨੂੰ ਬਾਹਰੋਂ ਪੂਰੀ ਬਿਜਲੀ ਨਹੀਂ ਮਿਲ ਰਹੀ। ਇਸ ਨਾਲ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਬਿਜਲੀ ਦੀ ਭਾਰੀ ਕਿੱਲਤ ਹੋ ਸਕਦੀ ਹੈ।
ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀਪੀਐਸ ਗਰੇਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਤਲਵੰਡੀ ਸਾਬੋ ਦੇ ਦੋ ਬੰਦ ਯੂਨਿਟਾਂ ਵਿੱਚੋਂ ਇੱਕ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ਨੂੰ 660 ਮੈਗਾਵਾਟ ਬਿਜਲੀ ਉਪਲਬਧ ਹੋਵੇਗੀ। ਇਸ ਨਾਲ ਤੇਜ਼ ਗਰਮੀ 'ਚ ਵਧਦੀ ਮੰਗ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ: Punjab Weather Forecast: ਪੰਜਾਬ 'ਚ ਅਸਮਾਨ ਤੋਂ ਵਰ੍ਹ ਰਹੀ ਅੱਗ, ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਲਈ ਅਲਰਟ