ਬਿਜਲੀ ਸੰਕਟ: ਗਰਮੀ ਨਾਲ ਲੋਕ ਬੇਹਾਲ, ਪਿੰਡ ਦੇ ਲੋਕਾਂ ਨੂੰ ਹਫ਼ਤੇ 'ਚ ਸਿਰਫ 5 ਘੰਟੇ ਮਿਲ ਰਹੀ ਸਪਲਾਈ
ਅੱਤ ਦੀ ਗਰਮੀ 'ਚ ਬਿਜਲੀ ਕੱਟਾਂ ਨੇ ਸੂਬੇ 'ਚ ਹਾਹਾਕਾਰ ਮਚਾ ਦਿੱਤੀ ਹੈ। ਬੱਚੇ-ਬਜ਼ੁਰਗ ਸਭ ਗਰਮੀ ਨਾਲ ਹਾਲੋ ਬੇਹਾਲ ਹਨ। ਹਾਲਾਤ ਇਹ ਬਣ ਗਏ ਹਨ ਕਿ ਲੋਕ ਰਾਤਾਂ ਜਾਗ-ਜਾਗ ਕੱਟ ਰਹੇ ਹਨ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਅੱਤ ਦੀ ਗਰਮੀ 'ਚ ਬਿਜਲੀ ਕੱਟਾਂ ਨੇ ਸੂਬੇ 'ਚ ਹਾਹਾਕਾਰ ਮਚਾ ਦਿੱਤੀ ਹੈ। ਬੱਚੇ-ਬਜ਼ੁਰਗ ਸਭ ਗਰਮੀ ਨਾਲ ਹਾਲੋ ਬੇਹਾਲ ਹਨ। ਹਾਲਾਤ ਇਹ ਬਣ ਗਏ ਹਨ ਕਿ ਲੋਕ ਰਾਤਾਂ ਜਾਗ-ਜਾਗ ਕੱਟ ਰਹੇ ਹਨ। ਮਾਲ ਡੰਗਰਾਂ ਲਈ ਖੇਤਾਂ 'ਚ ਲਾਇਆ ਚਾਰਾ (ਬਰਸੀਨ) ਪਾਣੀ ਦੀ ਘਾਟ ਕਾਰਨ ਸੜ ਰਿਹਾ ਹੈ। ਅਜਿਹੇ 'ਚ ਲੋਕ ਸਰਕਾਰ ਵੱਲ ਝਾਕ ਰਹੇ ਹਨ ਕਿ ਸਰਕਾਰ ਮੁਫ਼ਤ ਬਿਜਲੀ/ਸਸਤੀ ਬਿਜਲੀ ਦੇਣ ਦੀ ਬਜਾਏ ਉਨ੍ਹਾਂ ਨੂੰ 24 ਘੰਟੇ ਬਿਜਲੀ ਸਪਲਾਈ ਹੀ ਮੁਹੱਈਆ ਕਰਵਾ ਦੇਵੇ।
ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ 'ਚ ਦਸ-ਦਸ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ ਜਦਕਿ ਦਿਹਾਤੀ ਖੇਤਰਾਂ 'ਚ 14 ਤੋਂ 16 ਘੰਟੇ ਬਿਜਲੀ ਕੱਟ ਜੀਣਾ ਮੁਹਾਲ ਕਰ ਰਹੇ ਹਨ। ਜ਼ਿਲ੍ਹੇ ਦੇ ਚਾਟੀਵਿੰਡ ਪਿੰਡ ਵਾਸੀਆਂ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਖੇਤਾਂ ਲਈ ਉਨ੍ਹਾਂ ਨੂੰ ਰੋਜ਼ਾਨਾ ਅੱਠ ਤੋਂ ਦਸ ਘੰਟੇ ਬਿਜਲੀ ਦੀ ਜ਼ਰੂਰਤ ਹੈ ਪਰ ਅਸਲੀਅਤ ਇਹ ਹੈ ਕਿ ਪਿਛਲੇ ਇਕ ਹਫ਼ਤੇ 'ਚ ਉਨ੍ਹਾਂ ਨੂੰ ਸਿਰਫ ਪੰਜ ਘੰਟੇ ਹੀ ਬਿਜਲੀ ਮਿਲੀ। ਇਸ ਕਾਰਨ ਚਾਰਾ ਲਗਪਗ ਪਾਣੀ ਨ ਮਿਲਣ ਕਰਕੇ ਸੜ ਗਿਆ ਹੈ।
ਚਾਟੀਵਿੰਡ ਪਿੰਡ ਦੇ ਲੋਕ ਡੇਅਰੀ ਫਾਰਮਿੰਗ ਨਾਲ ਜੁੜੇ ਹਨ ਤੇ ਅੰਮ੍ਰਿਤਸਰ ਸ਼ਹਿਰ 'ਚ ਵੱਡੇ ਪੱਧਰ 'ਤੇ ਦੁੱਧ ਦੀ ਸਪਲਾਈ ਕਰਦੇ ਹਨ ਪਰ ਹੁਣ ਡੰਗਰਾਂ ਲਈ ਚਾਰੇ ਦੀ ਘਾਟ ਹੋਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਉਹਨਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਜਦਕਿ ਦੂਜੇ ਪਾਸੇ ਦਿਨ ਰਾਤ ਲੰਮੇ ਕੱਟ ਕਰਕੇ ਗਰਮੀ 'ਚ ਜਿਉਣਾ ਮੁਹਾਲ ਹੋ ਗਿਆ ਹੈ।
ਲੋਕਾਂ ਨੇ ਦੱਸਿਆ ਕਿ ਬੱਚੇ ਗਰਮੀ 'ਚ ਬਿਜਲੀ ਨਾ ਹੋਣ ਕਰਕੇ ਵਿਲਕ ਰਹੇ ਹਨ ਤੇ ਸਰਕਾਰ ਸਿਰਫ ਦਾਅਵੇ ਹੀ ਕਰਨ 'ਚ ਲੱਗੀ ਹੈ। ਲੋਕਾਂ ਨੇ ਅਪੀਲ ਕੀਤੀ ਕਿ ਜੇਕਰ ਸਰਕਾਰ ਨੇ ਛੇਤੀ ਹੀ ਬਿਜਲੀ ਸੰਕਟ ਦਾ ਹੱਲ ਨਾ ਕੀਤਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।