ਪ੍ਰਤਾਪ ਬਾਜਵਾ ਨੇ ਨੌਦੀਪ ਕੌਰ ਨੂੰ ਪੰਜਾਬ ਦੀ ਜੇਲ੍ਹ 'ਚ ਸਿਫਟ ਕਰਨ ਦੀ ਉਠਾਈ ਮੰਗ, ਹਾਈਕੋਰਟ ਨੂੰ ਲਿਖੀ ਚਿੱਠੀ
ਨੌਦੀਪ ਕੌਰ ਹਰਿਆਣਾ ਦੀ ਸੋਨੀਪਤ ਜੇਲ੍ਹ ਵਿੱਚ ਬੰਦ ਹੈ। ਪ੍ਰਤਾਪ ਬਾਜਵਾ ਨੇ ਆਪਣੀ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਉਸ ਨਾਲ ਤਸ਼ੱਦਦ ਕੀਤਾ ਗਿਆ ਹੈ।
ਅਸ਼ਰਫ ਢੁੱਡੀ
ਚੰਡੀਗੜ੍ਹ: ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਬਾਜਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਵੀਸ਼ੰਕਰ ਝਾਅ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਪ੍ਰਤਾਪ ਬਾਜਵਾ ਨੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਹੈ ਕਿ ਕਿਸਾਨ ਅੰਦੋਲਨ ਦੌਰਾਨ 23 ਸਾਲਾ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਨੌਦੀਪ ਕੌਰ ਹਰਿਆਣਾ ਦੀ ਸੋਨੀਪਤ ਜੇਲ੍ਹ ਵਿੱਚ ਬੰਦ ਹੈ। ਪ੍ਰਤਾਪ ਬਾਜਵਾ ਨੇ ਆਪਣੀ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਉਸ ਨਾਲ ਤਸ਼ੱਦਦ ਕੀਤਾ ਗਿਆ ਹੈ। ਪਰਿਵਾਰ ਦਾ ਵੀ ਇਲਜ਼ਾਮ ਹੈ ਕਿ ਪੁਲਿਸ ਨੇ ਨੌਦੀਪ ਕੌਰ ਨੂੰ ਸੈਕਸੂਅਲ ਹਰਾਸਮੈਂਟ ਵੀ ਕੀਤਾ ਹੈ। ਹਰਿਆਣਾ ਪੁਲਿਸ ਨੇ ਨੌਦੀਪ ਕੌਰ ਦੇ ਮਾਮਲੇ ਵਿੱਚ ਐਫਆਈਆਰ ਵੀ ਆਨਲਾਈਨ ਅਪਲੋਡ ਨਹੀਂ ਕੀਤੀ। ਬਾਜਵਾ ਨੇ ਆਪਣੀ ਇਸ ਚਿੱਠੀ ਰਾਹੀਂ ਨੌਦੀਪ ਕੋਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ।
ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨੌਦੀਪ ਕੌਰ ਦਲਿਤ ਪਰਿਵਾਰ ਨਾਲ ਸਬੰਧ ਰੱਖਦੀ ਹੈ ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਦੀ ਆਵਾਜ਼ ਬੁਲੰਦ ਕਰ ਰਹੀ ਸੀ। 12 ਜਨਵਰੀ ਨੂੰ ਹਰਿਆਣਾ ਦੀ ਸੋਨੀਪਤ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਨੌਦੀਪ ਹਰਿਆਣਾ ਵਿੱਚ ਇੱਕ ਐਲਈਡੀ ਬਲਬ ਫੈਕਟਰੀ ਵਿੱਚ ਕੰਮ ਕਰਦੀ ਸੀ। ਜਦੋਂ ਦਾ ਦਿੱਲੀ ਵਿਖੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਲਈ ਫੈਕਟਰੀ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਸੰਘਰਸ਼ ਦਾ ਹਿੱਸਾ ਬਣੀ ਸੀ। ਹਰਿਆਣਾ ਪੁਲਿਸ ਨੇ ਫੈਕਟਰੀ ਮਾਲਕਾਂ ਦੇ ਕਹਿਣ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਥਾਣੇ ਵਿੱਚ ਲਿਜਾ ਕੇ ਉਸ ਉੱਪਰ ਪੁਲਿਸ ਵੱਲੋਂ ਜ਼ੁਲਮ ਕੀਤਾ ਗਿਆ।
ਹੁਣ ਉਸ ਦੀ ਰਿਹਾਈ ਲਈ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣ ਲਈ ਗੁਹਾਰ ਲਗਾਈ ਜਾ ਰਹੀ ਹੈ ।