PSEB 12th Toppers: ਪੰਜਾਬ ਬੋਰਡ ਦੇ ਨਤੀਜਿਆਂ 'ਚ ਕੁੜੀਆਂ ਨੇ ਮਾਰੀਆਂ ਮੱਲਾਂ, ਮੁੱਖ ਮੰਤਰੀ ਮਾਨ ਨੇ ਦਿੱਤੀ ਵਧਾਈ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ਉੱਪਰ ਆਪਣੇ ਨਤੀਜੇ ਦੇਖ ਸਕਦੇ ਹਨ। 12ਵੀਂ ਜਮਾਤ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ।
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ਉੱਪਰ ਆਪਣੇ ਨਤੀਜੇ ਦੇਖ ਸਕਦੇ ਹਨ। 12ਵੀਂ ਜਮਾਤ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ 'ਚ ਕੁੜੀਆਂ ਨੇ ਮੱਲਾਂ ਮਾਰੀਆਂ ਹਨ ਕਿਉਂਕਿ ਨਤੀਜਿਆਂ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਤਿੰਨੋਂ ਕੁੜੀਆਂ ਹੀ ਹਨ।
ਇਸ 'ਤੇ ਮੁੱਖ ਮੰਤਰੀ ਪੰਜਾਬ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ, "PSEB(ਪੰਜਾਬ ਸਕੂਲ ਸਿੱਖਿਆ ਬੋਰਡ) ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ‘ਚ ਚੋਟੀ ਦੇ ਅੰਕ ਲੈ ਕੇ ਪਾਸ ਹੋਈਆਂ ਸਾਡੀਆਂ ਤਿੰਨੋਂ ਧੀ-ਰਾਣੀਆਂ ਅਰਸ਼ਦੀਪ ਕੌਰ(ਲੁਧਿਆਣਾ),ਅਰਸ਼ਪ੍ਰੀਤ(ਮਾਨਸਾ), ਕੁਲਵਿੰਦਰ(ਫ਼ਰੀਦਕੋਟ) ਨੂੰ ਵਧਾਈਆਂ..ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵੀ ਵਧਾਈਆਂ..ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ.."
ਪਹਿਲਾ ਸਥਾਨ ਹਾਸਲ ਕਰਨ ਵਾਲੀ ਤੇਜ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ, ਸੈਕੰਡਰੀ ਸਕੂਲ, ਸ਼ਿਮਲਾ ਪੂਰੀ, ਲੁਧਿਆਣਾ ਦੀ ਅਰਸ਼ਦੀਪ ਕੌਰ ਹੈ ਜਿਸ ਨੇ 500 ਵਿਚੋਂ 497 ਅੰਕ ਹਾਸਲ ਕੀਤੇ ਹਨ। ਦੂਜੇ ਸਥਾਨ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਛੋਆਣਾ, ਮਾਨਸਾ ਦੀ ਅਰਸ਼ਪ੍ਰੀਤ ਕੌਰ ਹੈ ਜਿਸ ਨੇ 500 ਵਿੱਚੋਂ 497 ਨੰਬਰ ਹਾਸਲ ਕੀਤੇ ਹਨ।
ਏਬੀਪੀ ਸਾਂਝਾ ਨਾਲ ਗੱਲ ਕਰਦੇ ਹੋਏ ਅਰਸ਼ਪ੍ਰੀਤ ਕੌਰ ਦੇ ਪਿਤਾ ਜਗਜੀਤ ਸਿੰਘ ਨੇ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ।ਜਗਜੀਤ ਸਿੰਘ ਕਿਸਾਨੀ ਕਰਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਉਹ ਸਭ ਕੁਝ ਕਰਵਾਉਣਗੇ ਜੋ ਉਹ ਚਾਹੁੰਦੀ ਹੈ।
ਇਸ ਵਾਰ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਵਧੀਆ ਰਿਹਾ। ਵਿਦਿਆਰਥਣਾਂ ਦੀ ਪਾਸ ਪ੍ਰਤੀਸ਼ਤਤਾ 97.78 ਪ੍ਰਤੀਸ਼ਤ ਤੇ ਲੜਕਿਆਂ ਦੀ 96.27 ਪ੍ਰਤੀਸ਼ਤ ਹੈ। ਇਸ ਸਾਲ 12ਵੀਂ ਜਮਾਤ ਦੀ ਟਰਮ 2 ਦੀ ਬੋਰਡ ਪ੍ਰੀਖਿਆ 22 ਅਪ੍ਰੈਲ 2022 ਤੋਂ 23 ਮਈ 2022 ਤੱਕ ਕਰਵਾਈ ਗਈ ਸੀ। ਜਦੋਂਕਿ, 12ਵੀਂ ਟਰਮ-1 ਦੀ ਪ੍ਰੀਖਿਆ 13 ਤੋਂ 22 ਦਸੰਬਰ, 2021 ਤੱਕ ਹੋਈ ਸੀ ਤੇ ਨਤੀਜੇ 11 ਮਈ, 2022 ਨੂੰ ਘੋਸ਼ਿਤ ਕੀਤੇ ਗਏ ਸਨ।
ਤੀਜਾ ਸਥਾਨ ਕੁਲਵਿੰਦਰ ਕੌਰ ਨੇ ਹਾਸਲ ਕੀਤਾ ਹੈ ਜੋ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫਰੀਦਕੋਟ ਦੀ ਹੈ।ਉਸਨੇ ਵੀ 500 ਵਿਚੋਂ 497 ਅੰਕ ਹਾਸਲ ਕੀਤੇ ਹਨ।ਕੁਲਵਿੰਦਰ ਕੌਰ ਦੇ ਮਾਤਾ ਸੁਖਪ੍ਰੀਤ ਕੌਰ ਨੇ ਏਬੀਪੀ ਸਾਂਝਾ ਨੇ ਗੱਲਬਾਤ ਕਰਦੇ ਕਿਹਾ ਕਿ ਉਹ ਆਪਣੀ ਬੇਟੀ ਨੂੰ ਵਕਾਲਤ ਕਰਵਾਉਣਾ ਚਾਹੁੰਦੇ ਹਨ। ਕੁਲਵਿੰਦਰ ਕੌਰ ਦੇ ਪਿਤਾ ਜੀ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ ਹਨ।
ਪਿਛਲੇ ਸਾਲ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ 96.48 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਪਿਛਲੀ ਵਾਰ ਵੀ ਵਿਦਿਆਰਥਣਾਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਬਿਹਤਰ ਰਿਹਾ ਸੀ। ਪਾਸ ਪ੍ਰਤੀਸ਼ਤਤਾ 97.34 ਪ੍ਰਤੀਸ਼ਤ ਲੜਕੀਆਂ ਤੇ 95.74 ਪ੍ਰਤੀਸ਼ਤ ਲੜਕੇ ਰਹੀ ਸੀ।