Bhupinder Singh Honey arrested: ਬੀਜੇਪੀ ਨੇ ਸੀਐਮ ਚੰਨੀ ਨੂੰ ਵੀ ਗ਼ੈਰ-ਕਾਨੂੰਨੀ ਮਾਈਨਿੰਗ 'ਚ ਲਪੇਟਿਆ, ਭੁਪਿੰਦਰ ਦੀ ਗ੍ਰਿਫ਼ਤਾਰੀ ਮਗਰੋਂ ਵੱਡਾ ਹਮਲਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਹੈ।
Bhupinder Singh Honey arrested: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਪੁੱਛਗਿੱਛ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਹੈ। ਈਡੀ ਅੱਜ ਦੁਪਹਿਰ 12 ਵਜੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਦੀ ਅਦਾਲਤ 'ਚ ਪੇਸ਼ ਕਰੇਗੀ। ਇਸ ਗ੍ਰਿਫ਼ਤਾਰੀ 'ਤੇ ਭਾਰਤੀ ਜਨਤਾ ਪਾਰਟੀ (BJP) ਨੇ ਪ੍ਰਤੀਕਿਰਿਆ ਦਿੱਤੀ ਹੈ।
ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਕਾਨੂੰਨ ਤੇ ਈਡੀ ਆਪਣਾ ਕੰਮ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਛਾਪੇਮਾਰੀ ਦੌਰਾਨ 10 ਕਰੋੜ ਦੀ ਨਕਦੀ ਤੇ 56 ਕਰੋੜ ਦੀ ਜਾਇਦਾਦ ਬਰਾਮਦ ਹੋਈ ਹੈ।
'ਮੁੱਖ ਮੰਤਰੀ ਗ਼ੈਰ-ਕਾਨੂੰਨੀ ਮਾਈਨਿੰਗ 'ਚ ਸ਼ਾਮਲ'
ਭਾਜਪਾ ਆਗੂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਮੁੱਖ ਮੰਤਰੀ ਦਾ ਹੱਥ ਹੈ। ਕਾਂਗਰਸ ਦੇ ਦੋਸ਼ਾਂ 'ਤੇ ਅਨਿਲ ਸਰੀਨ ਨੇ ਕਿਹਾ ਕਿ ਛਾਪੇਮਾਰੀ 'ਚ ਕੁਝ ਨਾ ਮਿਲਣ 'ਤੇ ਉਹ ਸਿਆਸੀ ਬਦਲੇ ਦੀ ਗੱਲ ਕਰਨਗੇ। ਇਸ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ।
ਅਨਿਲ ਸਰੀਨ ਨੇ ਕਿਹਾ ਕਿ ਸੀਐਮ ਚੰਨੀ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਕੋਲੋਂ ਮਿਲਿਆ ਕੈਸ਼ ਤੇ ਸਾਮਾਨ ਕਿੱਥੋਂ ਆਇਆ? ਇਸ ਸਵਾਲ 'ਤੇ ਕਿ ਕੀ ਕਾਂਗਰਸ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਏਗੀ ਜਾਂ ਨਹੀਂ। ਭਾਜਪਾ ਆਗੂ ਨੇ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਮਾਮਲਾ ਹੈ ਕਿ ਉਹ ਕਿਸ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਗੇ।
CM ਚੰਨੀ ਨੇ ਕੁਝ ਨਹੀਂ ਕਿਹਾ
ਪੰਜਾਬ 'ਚ 20 ਫ਼ਰਵਰੀ ਨੂੰ ਚੋਣਾਂ ਹੋਣੀਆਂ ਹਨ। ਅਜਿਹੇ 'ਚ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚਲ ਮਚ ਗਈ ਹੈ। ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਨੂੰ ਈਡੀ ਵੱਲੋਂ 23 ਜਨਵਰੀ ਨੂੰ ਜਲੰਧਰ ਦਫ਼ਤਰ 'ਚ ਤਲਬ ਕੀਤਾ ਗਿਆ ਸੀ ਪਰ ਉਹ ਆਪਣੀ ਖ਼ਰਾਬ ਸਿਹਤ ਬਾਰੇ ਜਾਣਕਾਰੀ ਦੇਣ ਮਗਰੋਂ ਨਹੀਂ ਆਏ। ਇਸ ਤੋਂ ਬਾਅਦ ਉਨ੍ਹਾਂ ਨੂੰ 3 ਫ਼ਰਵਰੀ ਨੂੰ ਮੁੜ ਸੰਮਨ ਭੇਜਿਆ ਗਿਆ ਅਤੇ ਪੁੱਛਗਿੱਛ ਤੋਂ ਬਾਅਦ ਈ.ਡੀ. ਨੇ ਗ੍ਰਿਫ਼ਤਾਰੀ ਕੀਤੀ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਕ ਰਿਸ਼ਤੇਦਾਰ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ। ਮੋਹਾਲੀ ਸਥਿੱਤ ਹੋਮਲੈਂਡ ਸੋਸਾਇਟੀ ਦੇ ਜਿਸ ਘਰ 'ਤੇ ਛਾਪਾ ਮਾਰਿਆ ਗਿਆ ਸੀ, ਉਹ ਸੀਐਮ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦਾ ਸੀ।
ਦੱਸ ਦਈਏ ਕਿ ਈਡੀ ਨੇ ਕੁਦਰਤਦੀਪ ਸਿੰਘ ਖਿਲਾਫ ਸਾਲ 2018 'ਚ ਰੇਤ ਦੀ ਖੁਦਾਈ ਦਾ ਮਾਮਲਾ ਦਰਜ ਕੀਤਾ ਸੀ, ਜਿਸ 'ਚ ਭੁਪਿੰਦਰ ਸਿੰਘ ਹਨੀ ਦਾ ਨਾਂਅ ਸੀ। ਈਡੀ ਵੱਲੋਂ ਇਹ ਕਾਰਵਾਈ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Navjot Sidhu ਦੀ ਗਾਂਧੀ ਪਰਿਵਾਰ ਨਾਲ ਖੁੱਲ੍ਹੀ ਬਗਾਵਤ, ਕਿਹਾ ਟੌਪ 'ਤੇ ਬੈਠੇ ਲੋਕ ਚਾਹੁੰਦੇ ਕਠਪੁਤਲੀ ਮੁੱਖ ਮੰਤਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin