ਕੈਪਟਨ ਦੇ ਅਸਤੀਫ਼ੇ ਮਗਰੋਂ ਅੱਜ ਫਿਰ ਕਾਂਗਰਸ ਵਿਧਾਇਕਾਂ ਦੀ ਬੈਠਕ, ਦੇਰ ਰਾਤ ਰਾਹੁਲ ਗਾਂਧੀ ਦੇ ਘਰ ਚੱਲੀ ਮੀਟਿੰਗ
ਸਿੱਧੂ ਤੋਂ ਇਲਾਵਾ ਕਾਂਗਰਸ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਰਾਜਸਭਾ ਮੈਂਬਰ ਤਪ੍ਰਤਾਪ ਸਿੰਘ ਬਾਜਵਾ ਦੇ ਨਾਂਅ ਚਰਚਾ 'ਚ ਹਨ।
ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਲੰਬੇ ਸਮੇਂ ਤਕ ਚੱਲੀ ਖਿੱਚੋਤਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਮਰਿੰਦਰ ਦੇ ਅਸਤੀਫ਼ੇ ਮਗਰੋਂ ਪੰਜਾਬ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਅੱਜ 11 ਵਜੇ ਪੰਜਾਬ ਕਾਂਗਰਸ ਭਵਨ 'ਚ ਪਾਰਟੀ ਵਿਧਾਇਕਾਂ ਦੀ ਬੈਠਕ ਹੋਵੇਗੀ। ਇਸ ਮੀਟਿੰਗ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸੰਭਵ ਹੈ।
ਇਸ ਤੋਂ ਪਹਿਲਾਂ ਦਿੱਲੀ 'ਚ ਵੀ ਦੇਰ ਰਾਤ ਤਕ ਰਾਹੁਲ ਗਾਂਧੀ ਦੇ ਘਰ ਬੈਠਕ ਚੱਲੀ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਅੰਬਿਕਾ ਸੋਨੀ ਇਸ ਬੈਠਕ 'ਚ ਸ਼ਾਮਲ ਸਨ। ਨਵੇਂ ਵਿਧਾਇਕ ਦਲ ਦੇ ਲੀਡਰ ਦੇ ਤੌਰ 'ਤੇ ਸਿੱਧੂ ਤੋਂ ਇਲਾਵਾ ਕਾਂਗਰਸ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਰਾਜਸਭਾ ਮੈਂਬਰ ਤਪ੍ਰਤਾਪ ਸਿੰਘ ਬਾਜਵਾ ਦੇ ਨਾਂਅ ਚਰਚਾ 'ਚ ਹਨ।
ਹਾਲਾਂਕਿ ਸੁਨੀਲ ਜਾਖੜ ਦੇ ਨਾਂਅ 'ਤੇ ਕਈ ਵਿਧਾਇਕਾਂ ਨੇ ਇਤਰਾਜ਼ ਜਤਾਇਆ ਹੈ। ਇਨ੍ਹਾਂ ਨਾਵਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਬ੍ਰਹਮ ਮਹਿੰਦਰਾ, ਵਿਜੇ ਇੰਦਰ ਸਿੰਗਲਾ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੇ ਨਾਵਾਂ ਦੀ ਵੀ ਚਰਚਾ ਹੈ।
ਕਾਂਗਰਸ ਸੂਤਰਾਂ ਦੇ ਮੁਤਾਬਕ ਜੇਕਰ ਪਾਰਟੀ ਹਾਈਕਮਾਨ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਰਦੀ ਹੈ ਤਾਂ ਫਿਰ ਉਨ੍ਹਾਂ ਦੇ ਨਾਲ ਹਿੰਦੂ ਤੇ ਦਲਿਤ ਭਾਈਚਾਰੇ ਤੋਂ ਦੋ ਉਪ ਮੁੱਖ ਮੰਤਰੀ ਜਾਂ ਫਿਰ ਇਨ੍ਹਾਂ 'ਚੋਂ ਇਕ ਭਾਈਚਾਰੇ ਦਾ ਉਪ ਮੁੱਖ ਮੰਤਰੀ ਤੇ ਦੂਜੇ ਭਾਈਚਾਰੇ ਦਾ ਲੀਡਰ ਸੂਬਾ ਕਾਂਗਰਸ ਕਮੇਟੀ ਦਾ ਪ੍ਰਧਾਨ ਲਾਇਆ ਜਾ ਸਕਦਾ ਹੈ।
ਦੂਜੇ ਪਾਸੇ ਅਮਰਿੰਦਰ ਸਿੰਘ ਨੇ ਸਿੱਧੂ ਦੇ ਨਾਂਅ ਦਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ 'ਤੇ ਪਾਕਿਸਤਾਨ ਨਾਲ ਸਬੰਧ ਰੱਖਣ ਦਾ ਇਲਜ਼ਾਮ ਲਾਇਆ ਤੇ ਕਿਹਾ ਕਿ ਉਸ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦਾ ਬੇੜਾ ਗਰਕ ਹੋ ਜਾਵੇਗਾ।
ਵਿਧਾਇਕ ਦਲ ਦਾ ਨੇਤਾ ਚੁਣ ਦਾ ਅਧਿਕਾਰ ਸੋਨੀਆ ਗਾਂਧੀ ਨੂੰ ਦਿੱਤਾ ਗਿਆ
ਕਾਂਗਰਸ ਦੇ ਕੇਂਦਰੀ ਆਬਜ਼ਰਵਰਾਂ ਅਜੇ ਮਾਕਨ ਹਰੀਸ਼ ਚੌਧਰੀ ਤੇ ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਦੀ ਮੌਜੂਦਗੀ 'ਚ ਵਿਧਾਇਕ ਦਲ ਦੀ ਬੈਠਕ 'ਚ ਪ੍ਰਸਤਾਵ ਪਾਸ ਕਰਕੇ ਨਵਾਂ ਲੀਡਰ ਚੁਣਨ ਲਈ ਸੋਨੀਆ ਗਾਂਧੀ ਨੂੰ ਅਧਿਕਾਰ ਦਿੱਤੇ ਗਏ। ਇਸ ਦੇ ਨਾਲ ਹੀ ਇਕ ਹੋਰ ਪ੍ਰਸਤਾਵ ਪਾਸ ਕਰਕੇ ਅਮਰਿੰਦਰ ਸਿੰਘ ਦੇ ਯੋਗਦਾਨ ਦੀ ਤਾਰੀਫ ਕੀਤੀ ਗਈ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਰਾਵਤ ਨੇ ਕਿਹਾ, 'ਪਾਰਟੀ 'ਚ ਇਹ ਰਵਰਾਇਤ ਰਹੀ ਹੈ ਕਿ ਕਾਂਗਰਸ ਪ੍ਰਧਾਨ ਨੂੰ ਨਵਾਂ ਨੇਤਾ ਚੁਣਨ ਲਈ ਅਧਿਕਾਰ ਦਿੱਤਾ ਜਾਵੇ। ਪੰਜਾਬ ਦੇ ਵਿਧਾਇਕ ਦਲ ਨੇ ਵੀ ਇਸ ਪਰੰਪਰਾ ਦਾ ਖਿਆਲ ਰੱਖਦਿਆਂ ਕਾਂਗਰਸ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਨਵੇਂ ਨੇਤਾ ਦਾ ਫੈਸਲਾ ਕਰਨ। ਕਾਂਗਰਸ ਪ੍ਰਧਾਨ ਜਿਸ ਨੂੰ ਵੀ ਨੇਤਾ ਚੁਣਨਗੇ, ਉਹ ਸਭ ਨੂੰ ਸਵੀਕਾਰ ਹੋਵੇਗਾ।' ਮਾਕਨ ਨੇ ਕਿਹਾ ਕਿ ਵਿਧਾਇਕ ਦਲ ਦੀ ਬੈਠਕ 'ਚ ਕਾਂਗਰਸ ਦੇ ਕੁੱਲ 80 ਚੋਂ 78 ਵਿਧਾਇਕ ਮੌਜੂਦ ਸਨ ਤੇ ਮੁੱਖ ਮੰਤਰੀ ਲਈ ਕਿਸੇ ਨਾਂਅ 'ਤੇ ਫਿਲਹਾਲ ਚਰਚਾ ਨਹੀਂ ਕੀਤੀ ਗਈ।