Punjab Election 2022: ਪੰਜਾਬ 'ਚ ਕੌਣ ਬਣਾ ਸਕਦਾ ਸਰਕਾਰ? ਕਿਹੜੀ ਪਾਰਟੀ ਨੂੰ ਮਿਲ ਸਕਦੀਆਂ ਕਿੰਨੀਆਂ ਸੀਟਾਂ ? ਤਾਜ਼ਾ ਸਰਵੇਖਣ 'ਚ ਹੈਰਾਨ ਕਰਨ ਵਾਲੇ ਨਤੀਜੇ
ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੌਰਾਨ ਚੋਣ ਸਰਵੇਖਣ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਰ ਜਨਤਾ ਦਾ ਮੂਡ ਕੀ ਹੈ ਤੇ ਕਿਸ ਆਗੂ ਤੇ ਪਾਰਟੀ ਨੂੰ ਲੋਕ ਜ਼ਿਆਦਾ ਪਸੰਦ ਕਰ ਰਹੇ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਕ ਹੁਣ ਬਹੁਤ ਨੇੜੇ ਹੈ। ਇਸ ਵੇਲੇ ਸਿਆਸੀ ਗਲਿਆਰਿਆਂ ਵਿੱਚ ਕਾਫੀ ਹਲਚਲ ਮਚੀ ਹੋਈ ਹੈ। ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਰਹੀਆਂ ਹਨ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਸੀਐਮ ਉਮੀਦਵਾਰ ਵਜੋਂ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ। ਹਾਲਾਂਕਿ ਕਾਂਗਰਸ ਨੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਹੀ ਹੋਵੇਗਾ। ਇਸ ਸਭ ਦੇ ਵਿਚਕਾਰ ਚੋਣ ਸਰਵੇਖਣਾਂ ਦਾ ਦੌਰ ਵੀ ਚੱਲ ਰਿਹਾ ਹੈ।
ਇਨ੍ਹਾਂ ਚੋਣ ਸਰਵੇਖਣਾਂ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬੇ ਵਿੱਚ ਇਸ ਵਾਰ ਲੋਕ ਕਿਸ ਪਾਰਟੀ ਵੱਲ ਝੁਕ ਰਹੇ ਹਨ। ਜ਼ੀ ਨਿਊਜ਼ ਦੇ ਤਾਜ਼ਾ ਸਰਵੇਖਣ ਵਿੱਚ ਜਨਤਾ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਦੱਸ ਦੇਈਏ ਕਿ ਸਰਵੇਖਣ ਦੇ ਨਤੀਜੇ ਬਹੁਤ ਹੀ ਹੈਰਾਨ ਕਰਨ ਵਾਲੇ ਸੀ।
ਸਰਵੇਖਣ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ
ਜ਼ੀ ਨਿਊਜ਼ ਦੇ ਸਰਵੇਖਣ ਮੁਤਾਬਕ ਪੰਜਾਬ 'ਚ ਚੋਣ ਘਮਾਸਾਨ 'ਚ 'ਆਪ' ਤੇ ਕਾਂਗਰਸ ਵਿਚਾਲੇ ਨੈੱਕ ਟੂ ਨੈੱਕ ਲੜਾਈ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਜਿੱਥੋਂ ਤੱਕ ਸੀਟਾਂ ਦਾ ਸਵਾਲ ਹੈ, ਸਰਵੇਖਣ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਹੀ ਬੜ੍ਹਤ ਹੈ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ ਅਰਵਿੰਦ ਕੇਜਰੀਵਾਲ ਦੀ 'ਆਪ' ਨੂੰ 36 ਤੋਂ 39 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਕਾਂਗਰਸ ਦੇ ਖਾਤੇ 'ਚ 35 ਤੋਂ 38 ਸੀਟਾਂ ਜਾ ਸਕਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੂੰ 32 ਤੋਂ 35 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਜਦੋਂਕਿ ਸਰਵੇਖਣ ਵਿੱਚ ਭਾਜਪਾ ਨੂੰ ਸਿਰਫ਼ 4-7 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਜਦਕਿ ਬਾਕੀਆਂ ਨੂੰ ਕਰੀਬ 2-4 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਜ਼ੀ ਨਿਊਜ਼ ਦੇ ਸਰਵੇਖਣ ਦੇ ਨਤੀਜਿਆਂ ਮੁਤਾਬਕ ਸੂਬੇ ਦੀ ਕੋਈ ਵੀ ਪਾਰਟੀ 117 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਦੇ ਅੰਕੜੇ ਦੇ ਨੇੜੇ ਨਹੀਂ ਪਹੁੰਚ ਸਕੇਗੀ। ਪੰਜਾਬ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿੱਚ ਅਮਰਿੰਦਰ ਸਿੰਘ ਦੀ ਪਾਰਟੀ ਮਹੱਤਵਪੂਰਨ ਖਿਡਾਰੀ ਹਨ।
ਪੰਜਾਬ 'ਚ 20 ਫਰਵਰੀ ਨੂੰ ਪੈਣਗੀਆਂ ਵੋਟਾਂ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇਸ ਨਾਲ ਇਹ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਇਸ ਵਾਰ ਪੰਜਾਬ ਦੀ ਸੱਤਾ ਕਿਸ ਪਾਰਟੀ ਨੂੰ ਮਿਲਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਲੁੱਟ ਲਈ ਕੌਣ ਜ਼ਿੰਮੇਵਾਰ? 10 ਕਰੋੜ ਨਹੀਂ ਸਗੋਂ ਪੰਜਾਬ ਮੰਗਦਾ ਤਿੰਨ ਲੱਖ ਕਰੋੜ ਦੀ ਲੁੱਟ ਦਾ ਹਿਸਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin