ਪੰਜਾਬ 'ਚ ਲਾਅ ਐਂਡ ਆਰਡਰ ਨੂੰ ਲੈ ਕੇ ਘਿਰੇ ਸੀਐਮ ਭਗਵੰਤ ਮਾਨ, ਸਰਕਾਰ ਸਰਬ ਪਾਰਟੀ ਮੀਟਿੰਗ ਬੁਲਾ ਕੇ ਦੱਸੇ ਹੁਣ ਤੱਕ ਕੀ ਕਦਮ ਚੁੱਕੇ: ਬਾਜਵਾ
Punjab News: ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਿਆਸਤ 'ਚ ਵੀ ਹਲਚਲ ਤੇਜ਼ ਹੈ। ਮੋਹਾਲੀ 'ਚ ਹੋਏ ਹਮਲੇ ਨੂੰ ਲੈ ਕੇ ਵੀ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
Punjab News: ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਿਆਸਤ 'ਚ ਵੀ ਹਲਚਲ ਤੇਜ਼ ਹੈ। ਮੋਹਾਲੀ 'ਚ ਹੋਏ ਹਮਲੇ ਨੂੰ ਲੈ ਕੇ ਵੀ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹੁਣ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਸਰਬ ਪਾਰਟੀ ਮੀਟਿੰਗ ਸੱਦਣ ਤੇ ਦੱਸਣ ਕਿ ਪੰਜਾਬ ਵਿੱਚ ਸ਼ਾਂਤੀ ਤੇ ਸੁਰੱਖਿਆ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪੰਜਾਬ ਸਰਕਾਰ ਕੀ ਕਦਮ ਚੁੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ। ਬਾਜਵਾ ਦੀ ਕਹਿਣਾ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਸਰਹੱਦ ਪਾਰ ਬੈਠੇ ਭਾਰਤ ਵਿਰੋਧੀ ਪੰਜਾਬ ਵਿੱਚ ਗੜਬੜ ਪੈਦਾ ਕਰ ਸਕਦੇ ਹਨ। ਉਹ ਡ੍ਰੋਨ ਰਾਹੀਂ ਲਗਾਤਾਰ ਨਸ਼ੀਲੇ ਪਦਾਰਥ ਤੇ ਹਥਿਆਰ ਭੇਜ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਚੰਨੀ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਨੂੰ ਗੰਭੀਰਤਾ ਨਾਲ ਲੈ ਕੇ ਕਦਮ ਚੁੱਕਣੇ ਚਾਹੀਦੇ ਹਨ। ਉਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਾਨ ਅਤੇ ਡੀਜੀਪੀ 'ਚ ਤਾਲਮੇਲ ਦੀ ਘਾਟ ਦੱਸੀ ਹੈ। ਉਨ੍ਹਾਂ ਜਲਦ ਹਮਲਾਵਰਾਂ ਨੂੰ ਬੇਨਕਾਬ ਕਰਨ ਦੀ ਮੰਗ ਕੀਤੀ ਹੈ ।
ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਸੂਬੇ ਨੂੰ ਮੁੜ ਤੋਂ ਅਤਿਵਾਦ ਵੱਲ ਧੱਕਣ ਦੇ ਦੋਸ਼ ਲਾਏ ਹਨ। ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਦੇਸ਼ ਵਿਰੋਧੀ ਸੰਗਠਨਾਂ ਪ੍ਰਤੀ ਅਪਣਾਈ ਗਈ ਢਿੱਲ-ਮੱਠ ਨੇ ਸੂਬੇ ’ਚ ਦੇਸ਼ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀਆਂ ਹਰਕਤਾਂ ਤੋਂ ਸਿੱਧ ਹੁੰਦਾ ਹੈ ਕਿ ਦਿੱਲੀ ਦਾ ਪੰਜਾਬ ’ਤੇ ਸਿੱਧਾ ਕੰਟਰੋਲ ਹੈ ਤੇ ਪੰਜਾਬ ਵਰਗੇ ਸੂਬੇ ਦਾ ਮੁੱਖ ਮੰਤਰੀ ਕੇਜਰੀਵਾਲ ਦੀ ‘ਕਠਪੁਤਲੀ‘ ਬਣ ਗਿਆ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਸੂਬੇ ਵਿੱਚ ਸ਼ਾਂਤੀ ਲਈ ਪੰਜਾਬ ਦੇ ਪ੍ਰਸ਼ਾਸਕੀ ਫ਼ੈਸਲਿਆਂ ਤੋਂ ਅਰਵਿੰਦ ਕੇਜਰੀਵਾਲ ਨੂੰ ਦੂਰ ਰੱਖਣ।