ਫਿਰ ਫਸ ਗਈ ਆਮ ਆਦਮੀ ਪਾਰਟੀ ਦੀ ਸਰਕਾਰ ! ਰਾਜਪਾਲ ਨੂੰ ਲਿਖੀ ਅੰਗਰੇਜ਼ੀ ਵਾਲੀ ਚਿੱਠੀ 'ਚ ਮਿੱਠੀਆ-ਮਿੱਠੀਆਂ ਗੱਲਾਂ, ਪੰਜਾਬੀ ਵਾਲੀ 'ਚ ਕੀਤੇ ਤਿੱਖੇ ਵਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਮੁੜ 'ਜੰਗ' ਛਿੜ ਗਈ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਚ ਮੁੱਖ ਮੰਤਰੀ ਤੇ ਰਾਜਪਾਲ ਆਹਮੋ ਸਾਹਮਣੇ ਹੋਏ ਹਨ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਮੁੜ 'ਜੰਗ' ਛਿੜ ਗਈ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਚ ਮੁੱਖ ਮੰਤਰੀ ਤੇ ਰਾਜਪਾਲ ਆਹਮੋ ਸਾਹਮਣੇ ਹੋਏ ਹਨ। ਰਾਜਪਾਲ ਨੇ ਉਪ ਕੁਲਪਤੀ ਦੀ ਨਿਯੁਕਤੀ ਉਪਰ ਸਵਾਲ ਉਠਾਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਚਿੱਠੀ ਲਿਖ ਕੇ ਜਵਾਬ ਦਿੱਤਾ।
ਹੁਣ ਰਾਜਪਾਲ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਅੰਗਰੇਜ਼ੀ ਵਿੱਚ ਚਿੱਠੀ ਪੁੱਜੀ ਹੈ ਜਦੋਂਕਿ ਇਸ ਤੋਂ ਪਹਿਲਾਂ ਹੀ ਪੰਜਾਬੀ ਵਿੱਚ ਚਿੱਠੀ ਸੋਸ਼ਲ ਮੀਡੀਆ ਉੱਪਰ ਵਾਇਰਲ ਕਿਵੇਂ ਹੋ ਗਈ। ਇਹ ਵੀ ਸਵਾਲ ਉੱਠ ਰਹੇ ਹਨ ਕਿ ਦੋਵਾਂ ਚਿੱਠੀਆਂ ਦੀ ਇਬਾਰਤ ਵਿੱਚ ਫਰਕ ਹੈ।
ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ
ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੇ ਟਵਿੱਟਰ ’ਤੇ ਉੱਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਤੇ ਰਾਜਪਾਲ ਦੇ ਨਾਂ ਪੰਜਾਬੀ ’ਚ ਲਿਖਿਆ ਪੱਤਰ ਨਸ਼ਰ ਕੀਤਾ ਹੈ, ਜਿਸ ’ਚ ਮੁੱਖ ਮੰਤਰੀ ਨੇ ਰਾਜਪਾਲ ਨੂੰ ਤਿੱਖੀ ਭਾਸ਼ਾ ’ਚ ਜੁਆਬ ਦਿੱਤਾ ਗਿਆ ਹੈ। ਦੂਜੇ ਪਾਸੇ ਮੁੱਖ ਮੰਤਰੀ ਦਾ ਜੋ ਅੰਗਰੇਜ਼ੀ ’ਚ ਲਿਖਿਆ ਪੱਤਰ ਰਾਜ ਭਵਨ ਪੁੱਜਿਆ ਹੈ, ਉਸ ’ਚ ਤਿੱਖੀ ਭਾਸ਼ਾ ਨਹੀਂ ਵਰਤੀ ਗਈ।
ਰਾਜ ਭਵਨ ਨੇ ਸ਼ਾਮ ਮੁੱਖ ਮੰਤਰੀ ਤੋਂ ਇਨ੍ਹਾਂ ਦੋਵੇਂ ਪੱਤਰਾਂ (ਪੰਜਾਬੀ ਤੇ ਅੰਗਰੇਜ਼ੀ) ਦੀ ਇਬਾਰਤ ਵਿਚਲੇ ਫ਼ਰਕ ਬਾਰੇ ਸਫ਼ਾਈ ਮੰਗੀ ਹੈ। ਰਾਜ ਭਵਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਜੋ ਪੰਜਾਬੀ ਦਾ ਪੱਤਰ ਮੀਡੀਆ ’ਚ ਚੱਲ ਰਿਹਾ ਹੈ, ਉਹ ਰਾਜ ਭਵਨ ਨੂੰ ਹਾਲੇ ਤੱਕ ਪ੍ਰਾਪਤ ਹੀ ਨਹੀਂ ਹੋਇਆ ਹੈ ਤੇ ਜਿਹੜਾ ਅੰਗਰੇਜ਼ੀ ’ਚ ਲਿਖਿਆ ਪੱਤਰ ਰਾਜ ਭਵਨ ਨੂੰ ਮਿਲਿਆ ਹੈ, ਉਸ ਵਿਚਲੀ ਸਮੱਗਰੀ ਦਾ ਪੰਜਾਬੀ ਭਾਸ਼ਾ ਵਾਲੇ ਪੱਤਰ ਨਾਲ ਕੋਈ ਮੇਲ ਨਹੀਂ ਹੈ। ਉਨ੍ਹਾਂ ਇਹ ਵੀ ਸੁਆਲ ਕੀਤਾ ਹੈ ਕਿ ਰਾਜ ਭਵਨ ਨੂੰ ਭੇਜੇ ਬਿਨਾਂ ਪੰਜਾਬੀ ’ਚ ਲਿਖਿਆ ਪੱਤਰ ਜਨਤਕ ਕਿਉਂ ਕੀਤਾ ਗਿਆ ਹੈ।
ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਅੰਗਰੇਜ਼ੀ ’ਚ ਲਿਖੇ ਪੰਜ ਪੰਨਿਆਂ ਦੇ ਪੱਤਰ ਵਿਚ ਵੀਸੀ ਦੀ ਨਿਯੁਕਤੀ ਨੂੰ ਤਕਨੀਕੀ ਤੇ ਕਾਨੂੰਨੀ ਹਵਾਲਿਆਂ ਨਾਲ ਜਾਇਜ਼ ਦੱਸਦਿਆਂ ਰਾਜਪਾਲ ਨੂੰ ਇਹ ਮਸਲਾ ਮੁੜ ਵਿਚਾਰ ਕਰਨ ਵਾਸਤੇ ਕਿਹਾ ਗਿਆ ਹੈ। ਡਾ. ਸਤਬੀਰ ਸਿੰਘ ਗੋਸਲ, ਲਖਵਿੰਦਰ ਸਿੰਘ ਰੰਧਾਵਾ ਤੇ ਡਾ. ਨਵਤੇਜ ਸਿੰਘ ਬੈਂਸ ਦੇ ਨਾਵਾਂ ਦੇ ਪੈਨਲ ਦੀ ਗੱਲ ਵੀ ਕੀਤੀ ਗਈ ਹੈ।
ਦੂਜੇ ਪਾਸੇ ਇੱਕ ਪੰਨੇ ਦੇ ਪੰਜਾਬੀ ਭਾਸ਼ਾ ਵਾਲੇ ਪੱਤਰ ਵਿਚ ਮੁੱਖ ਮੰਤਰੀ ਨੇ ਰਾਜਪਾਲ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੇ ਕੀਤੇ ਪੱਤਰ ਵਿੱਚ ਰਾਜਪਾਲ ਵੱਲੋਂ ਸੂਬਾ ਸਰਕਾਰ ਦੇ ਕੰਮਾਂ ਵਿੱਚ ਦਿੱਤੇ ਜਾ ਰਹੇ ਬੇਲੋੜੇ ਦਖਲ ’ਤੇ ਉਂਗਲ ਚੁੱਕੀ ਹੈ। ਭਗਵੰਤ ਮਾਨ ਰਾਜਪਾਲ ਖ਼ਿਲਾਫ਼ ਖੁੱਲ੍ਹ ਕੇ ਬੋਲੇ ਹਨ।
ਦੱਸ ਦਈਏ ਕਿ ਰਾਜਪਾਲ ਨੇ 18 ਅਕਤੂਬਰ ਨੂੰ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਅੱਜ ਪੱਤਰ ’ਚ ਹਵਾਲਾ ਦਿੱਤਾ ਕਿ ਪਹਿਲਾਂ ਪੀਏਯੂ ਦੇ ਪੁਰਾਣੇ ਵੀਸੀ ਡਾ. ਬਲਦੇਵ ਸਿੰਘ ਢਿੱਲੋਂ ਅਤੇ ਡਾ. ਐਮਐਸ ਕੰਗ ਤੋਂ ਇਲਾਵਾ ਕਿਸੇ ਵੀ ਪਿਛਲੇ ਵੀਸੀ ਦੀ ਨਿਯੁਕਤੀ ਦੀ ਪ੍ਰਵਾਨਗੀ ਰਾਜਪਾਲ ਤੋਂ ਨਹੀਂ ਗਈ ਸੀ।