Punjab Municipal Election 2021: ਕਿਸਾਨ ਅੰਦੋਲਨ ਦੌਰਾਨ ਲੋਕਾਂ ਨੇ ਕਿਸ 'ਤੇ ਜਤਾਇਆ ਭਰੋਸਾ? ਅੱਜ ਤਸਵੀਰ ਹੋਵੇਗੀ ਸਾਫ਼
ਮੌਜੂਦਾ ਸਮੇਂ ਪੰਜਾਬ 'ਚ ਸੱਤਾਧਿਰ ਕਾਂਗਰਸ ਪਾਰਟੀ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ। ਚੋਣ ਨਤੀਜਿਆਂ ਤੋਂ ਸਪਸ਼ਟ ਹੋ ਜਾਵੇਗਾ ਕਿ ਕੇਂਦਰ ਦੇ ਉਲਟ ਚੱਲ ਰਹੀ ਹਵਾ ਦਾ ਬੁੱਲਾ ਕੈਪਟਨ ਨੂੰ ਛੂਹ ਕੇ ਲੰਘਦਾ ਹੈ ਆਮ ਆਦਮੀ ਪਾਰਟੀ ਨੂੰ ਠੰਡੀਆਂ ਹਵਾਵਾਂ ਕਰੇਗਾ।
Punjab Municipal Election 2021: ਕਿਸਾਨ ਅੰਦੋਲਨ ਦੌਰਾਨ ਲੋਕਾਂ ਨੇ ਕਿਸ 'ਤੇ ਜਤਾਇਆ ਭਰੋਸਾ? ਅੱਜ ਤਸਵੀਰ ਹੋਵੇਗੀ ਸਾਫ਼
ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਛਿੜੇ ਕਿਸਾਨ ਅੰਦੋਲਨ ਦਰਮਿਆਨ ਹੀ ਪੰਜਾਬ ਲੋਕਲ ਬੌਡੀ ਦੀਆਂ ਚੋਣਾਂ ਹੋਈਆਂ ਹਨ। ਐਤਵਾਰ 14 ਫਰਵਰੀ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਹੋਣ ਜਾ ਰਹੀ ਹੈ। ਬੇਸ਼ੱਕ ਇਨ੍ਹਾਂ ਚੋਣਾਂ ਦਾ ਸਿਆਸਤ 'ਚ ਬਹੁਤ ਵੱਡੇ ਮਾਇਨੇ ਨਹੀਂ ਪਰ ਇਹ ਚੋਣਾਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਫੀ ਅਹਿਮ ਮੰਨੀਆ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਹੀ ਸਿਆਸੀ ਪਾਰਟੀਆਂ ਆਪਣੇ ਰਿਪੋਰਟ ਕਾਰਡ ਦਾ ਹਿਸਾਬ ਲਾਉਣਗੀਆਂ ਤੇ ਅਗਲੇਰੀ ਰਣਨੀਤੀ ਤੈਅ ਕਰਨਗੀਆਂ।
ਇਨ੍ਹਾਂ ਚੋਣਾਂ 'ਚ ਇਹ ਵੀ ਸਾਹਮਣੇ ਆਵੇਗਾ ਕਿ ਕਿਸਾਨ ਅੰਦੋਲਨ ਦੌਰਾਨ ਅੰਨਦਾਤਾ ਜਾਂ ਆਮ ਲੋਕਾਂ ਨੇ ਕਿਸ ਪਾਰਟੀ 'ਤੇ ਭਰੋਸੇ ਦੀ ਮੋਹਰ ਲਾਈ ਹੈ। ਹਾਲਾਂਕਿ ਜਦੋਂ ਖੇਤੀ ਕਾਨੂੰਨਾਂ ਖਿਲਾਫ ਵਿਦਰੋਹ ਸ਼ੁਰੂ ਹੋਇਆ ਸੀ ਤਾਂ ਬੀਜੇਪੀ ਨੂੰ ਛੱਡ ਇਕ-ਇਕ ਕਰਕੇ ਕਾਂਗਰਸ, 'ਆਪ' ਤੇ ਅਕਾਲੀ ਦਲ ਸਭ ਨੇ ਹੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਸੀ। ਇੱਥੋਂ ਤਕ ਕਿ ਅਕਾਲੀ ਦਲ ਨੇ ਤਾਂ ਬੀਜੇਪੀ ਨਾਲੋਂ ਨਾਤਾ ਵੀ ਤੋੜ ਲਿਆ ਤੇ ਹਰਸਮਿਰਤ ਕੌਰ ਬਾਦਲ ਨੇ ਕੇਂਦਰ ਦੀ ਵਜੀਰੀ ਛੱਡ ਦਿੱਤੀ। ਕਾਰਨ ਸਪਸ਼ਟ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਮਾਂ ਥੋੜਾ ਹੀ ਰਹਿ ਗਿਆ ਹੈ।
ਓਧਰ ਮੌਜੂਦਾ ਸਮੇਂ ਪੰਜਾਬ 'ਚ ਸੱਤਾਧਿਰ ਕਾਂਗਰਸ ਪਾਰਟੀ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ। ਚੋਣ ਨਤੀਜਿਆਂ ਤੋਂ ਸਪਸ਼ਟ ਹੋ ਜਾਵੇਗਾ ਕਿ ਕੇਂਦਰ ਦੇ ਉਲਟ ਚੱਲ ਰਹੀ ਹਵਾ ਦਾ ਬੁੱਲਾ ਕੈਪਟਨ ਨੂੰ ਛੂਹ ਕੇ ਲੰਘਦਾ ਹੈ ਆਮ ਆਦਮੀ ਪਾਰਟੀ ਨੂੰ ਠੰਡੀਆਂ ਹਵਾਵਾਂ ਕਰੇਗਾ। ਕਿਉਂਕਿ ਕਿਸਾਨ ਅੰਦੋਲਨ ਦੌਰਾਨ ਕੈਪਟਨ ਅਮਰਿੰਦਰ ਵੀ ਦਾਅਵਾ ਤਾਂ ਲਗਾਤਾਰ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਕਰਦੇ ਰਹੇ ਪਰ ਇਸ ਦੌਰਾਨ ਹੀ ਵਿਰੋਧੀ ਧਿਰਾਂ ਕੈਪਟਨ ਨੂੰ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਦੇ ਮੁੱਦੇ 'ਤੇ ਘੇਰਦੀਆਂ ਰਹੀਆਂ ਹਨ।
ਆਮ ਆਦਮੀ ਪਾਰਟੀ ਜਿਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਅਕਾਲੀ ਦਲ ਨੂੰ ਪਿੱਛੇ ਛੱਡਿਆ ਸੀ। ਬੇਸ਼ੱਕ 'ਆਪ' ਪੰਜਾਬ ਦੀ ਸੱਤਾ ਤੇ ਤਾਂ ਬਿਰਾਜਮਾਨ ਨਹੀਂ ਹੋ ਸਕੀ ਪਰ ਕਰੀਬ 100 ਸਾਲ ਪੁਰਾਣੀ ਪਾਰਟੀ ਨੂੰ ਪਿੱਛੇ ਛੱਡ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਅਹੁਦਾ ਮੱਲਣਾ ਵੀ ਛੋਟੀ ਗੱਲ ਨਹੀਂ ਸੀ। ਪਰ ਉਸ ਤੋਂ ਬਾਅਦ ਜੋ ਘਮਸਾਣ, ਅੰਦਰੂਨੀ ਕਲੇਸ਼ 'ਆਪ' 'ਚ ਪਏ ਉਸ ਤੋਂ ਸਾਰੇ ਵਾਕਿਫ ਹਨ। ਅਜਿਹੇ 'ਚ 17 ਫਰਵਰੀ ਦਾ ਦਿਨ ਪੰਜਾਬ ਦੀ ਸਿਆਸਤ ਤੇ ਸਿਆਸੀ ਪਾਰਟੀਆਂ ਲਈ ਅਹਿਮ ਹੋ ਨਿੱਬੜੇਗਾ ਕਿ ਕਿਸ 'ਤੇ ਲੱਗੇਗੀ ਮੋਹਰ ਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸੇਫ ਜ਼ੋਨ 'ਚ ਕੌਣ ਰਹੇਗਾ।