1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਫਰੰਟ ਵੱਲੋਂ ਭਲਕੇ ਸੀਐੱਮ ਭਗਵੰਤ ਮਾਨ ਦੇ ਘਿਰਾਓ ਦਾ ਐਲਾਨ
ਪਟਿਆਲਾ : ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 26 ਸਾਲਾਂ ਬਾਅਦ ਆਈ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ 8 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।
ਪਟਿਆਲਾ : ਪੰਜਾਬ ਦੇ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਫਰੰਟ ਵੱਲੋਂ ਭਲਕੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਗਈ ਹੈ। ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਲੁਧਿਆਣਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ।
ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 26 ਸਾਲਾਂ ਬਾਅਦ ਆਈ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ 8 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਭਰਤੀ ਦਾ 19 ਅਕਤੂਬਰ 2021 ਵਿੱਚ ਇਸ਼ਤਿਹਾਰ ਆਇਆ ਸੀ ਅਤੇ ਨਵੰਬਰ ਵਿੱਚ ਪੇਪਰ ਹੋਇਆ ਸੀ। ਜਿਸ ਤੋਂ ਬਾਅਦ ਇਸ ਦੇ ਖਿਲਾਫ ਹਾਈਕੋਰਟ ਵਿੱਚ ਰਿੱਟ ਪਟੀਸ਼ਨਾਂ ਹੋਣ ਕਰਕੇ ਇਸ ਨੂੰ ਅਦਾਲਤ ਦੁਆਰਾ 2 ਦਸੰਬਰ ਨੂੰ ਸਟੇਅ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਉਚੇਰੀ ਸਿੱਖਿਆ ਵਿਭਾਗ ਨੇ 500 ਦੇ ਕਰੀਬ ਉਮੀਦਵਾਰਾਂ ਨੂੰ ਹੈਡਕੁਆਟਰ ਤੇ ਜੁਆਇਨ ਕਰਵਾ ਲਿਆ ਸੀ ਅਤੇ ਇਹਨਾਂ ਵਿੱਚੋੰ ਲਗਭਗ 132 ਦੇ ਕਰੀਬ ਉਮੀਦਵਾਰਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਸਨ। ਇਹਨਾਂ ਵਿੱਚੋੰ 124 ਉਮੀਦਵਾਰਾਂ ਨੇ ਆਪਣੇ ਸਟੇਸ਼ਨ ਜੁਆਇਨ ਕਰ ਲਏ ਸਨ। ਇਸ ਭਰਤੀ ਤੇ ਪਈਆਂ ਰਿੱਟ ਪਟੀਸ਼ਨਾ ਨੂੰ ਲੈਕੇ ਲਗਭਗ 6 ਮਹੀਨੇ ਦੇ ਕਰੀਬ ਕੇਸ ਚੱਲਿਆ ਅਤੇ ਇਹ ਕੇਸ 3 ਜੂਨ 2022 ਨੂੰ ਸਮਾਪਤ ਹੋ ਗਿਆ। ਫਰੰਟ ਵੱਲੋੰ ਆਪਣੇ ਵਕੀਲ ਖੜੇ ਕੀਤੇ ਗਏ ਅਤੇ ਸਰਕਾਰ ਨੂੰ ਵਾਰ ਵਾਰ ਸਾਰੀਆਂ ਹੀ ਰਿੱਟ ਪਟੀਸ਼ਨਾਂ ਦੇ ਸਹੀ ਜਵਾਬ ਫਾਈਲ ਕਰਨ ਲਈ ਕਿਹਾ ਗਿਆ। ਜਦੋੰ ਇਸ ਕੇਸ ਦੇ ਫੈਸਲੇ ਦੀ 8 ਅਗਸਤ ਨੂੰ ਸੁਣਵਾਈ ਹੋਈ ਤਾਂ ਹਾਇਕੋਰਟ ਨੇ ਇਸ ਭਰਤੀ ਨੂੰ ਮੁੱਢ ਤੋੰ ਰੱਦ ਕਰ ਦਿੱਤਾ।
ਇਸ ਨਾਲ ਸਾਰੇ ਹੀ ਚੁਣੇ ਗਈ ਉਮੀਦਵਾਰਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਜਦੋੰ ਫਰੰਟ ਵੱਲੋਂ ਇਸ ਘਟਨਾਂ ਦੀ ਪੈਰਵਾਈ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਹ ਭਰਤੀ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਰੱਦ ਹੋਈ ਹੈ। ਸਰਕਾਰ ਨੇ ਇਸ ਭਰਤੀ ਦੀ ਪੈਰਵਾਈ ਸਹੀ ਤਰੀਕੇ ਨਾਲ ਨਹੀੰ ਕੀਤੀ। ਭਰਤੀ ਰੱਦ ਹੋਣ ਤੋੰ ਬਾਅਦ ਪੰਜਾਬ ਸਰਕਾਰ ਦਾ ਪੀੜਤ ਉਮੀਦਵਾਰਾਂ ਦੇ ਹੱਕ ਵਿੱਚ ਇੱਕ ਵੀ ਬਿਆਨ ਨਾ ਆਉਣਾ ਇਹ ਗੱਲ ਸਪਸ਼ਟ ਕਰਦਾ ਹੈ ਕਿ ਸਰਕਾਰ ਦੀ ਇਸ ਭਰਤੀ ਨੂੰ ਸਿਰੇ ਚੜ੍ਹਨ ਦੀ ਕੋਈ ਮਨਸ਼ਾ ਨਹੀਂ ਹੈ। ਪੰਜਾਬ ਸਰਕਾਰ ਦੀ ਇੱਛਾ ਅਨੁਸਾਰ ਇਹ ਭਰਤੀ ਰੱਦ ਹੋਈ ਹੈ। ਇਸ ਭਰਤੀ ਵਿੱਚ ਬਹੁਤ ਸਾਰੇ ਉਮੀਦਵਾਰ ਉਹ ਹਨ ਜੋ ਸਹਾਇਕ ਪ੍ਰੋਫੈਸਰ ਬਣਨ ਲਈ ਆਪਣੀਆਂ ਪੁਰਾਣੀਆਂ ਸਰਕਾਰੀ ਅਤੇ ਅਰਧ ਸਰਕਾਰੀ ਨੌਕਰੀਆਂ ਤੋਂ ਅਸਤੀਫ਼ੇ ਦੇ ਕੇ ਆਏ ਸਨ। ਉਨ੍ਹਾਂ ਦਾ ਭਵਿੱਖ ਤੇ ਵਰਤਮਾਨ ਬਿਲਕੁਲ ਹੀ ਖ਼ਤਰੇ ਵਿੱਚ ਹੈ।
ਇਸ ਦੇ ਨਾਲ ਹੀ ਬਹੁਤ ਸਾਰੇ ਉਮੀਦਵਾਰ ਅਜਿਹੇ ਸਨ ਜੋ ਆਪਣੀਆਂ ਫੈਲੋਸ਼ਿਪਾਂ ਛੱਡ ਕੇ ਇਸ ਵਿੱਚ ਚੁਣੇ ਗਏ ਸਨ। ਇਸ ਸਮੇਂ ਸਾਰੇ ਹੀ ਉਮੀਦਵਾਰ ਬਹੁਤ ਵੱਡੇ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਹੇ ਹਨ। ਫਰੰਟ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣੀ ਇਸ ਸਾਜ਼ਿਸ਼ ਕਰਕੇ ਸੈਂਕੜੇ ਪਰਿਵਾਰਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਫਰੰਟ ਦੀ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਹੈ ਕਿ ਉਹ ਭਰਤੀ ਨੂੰ ਬਹਾਲ ਕਰਵਾਉਣ ਲਈ ਹਰ ਤਰ੍ਹਾਂ ਦੇ ਸੰਘਰਸ਼ ਕਰਨਗੇ।
ਉਨ੍ਹਾਂ ਦੀ ਮੰਗ ਹੈ ਕਿ ਇਹ ਭਰਤੀ ਨੂੰ ਬਹਾਲ ਕਰਕੇ ਪੂਰਾ ਕੀਤਾ ਜਾਵੇ ਅਤੇ ਇਸ ਭਰਤੀ ਨੂੰ ਪੂਰਾ ਕਰਨ ਉਪਰੰਤ ਰਹਿੰਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ। ਫਰੰਟ ਵੱਲੋਂ ਮੀਡੀਆ ਕਰਮੀਆਂ, ਵੱਖ ਵੱਖ ਜਨਤਕ ਜੱਥੇਬੰਦੀਆਂ ਦੇ ਆਗੂਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।