Punjab News: ਵਿਦੇਸ਼ 'ਚ ਕਿਸਮਤ ਅਜ਼ਮਾਉਣ ਗਏ 4 ਪੰਜਾਬੀ ਨੌਜਵਾਨਾਂ ਦੀ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਪਿੰਡਾਂ 'ਚ ਸੋਗ
ਪੰਜਾਬ ਵਿੱਚ ਆਏ ਦਿਨ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਤੇ ਨਾਲ ਹੀ ਹਰ ਰੋਜ਼ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਵਿਦੇਸ਼ਾਂ ਤੋਂ ਆਈਆਂ ਮਾੜੀਆਂ ਖਬਰਾਂ ਪੰਜਾਬ ਦੇ ਵਿੱਚ ਵੈਣ ਪਵਾ ਦਿੰਦੀਆਂ ਨੇ

ਪੰਜਾਬ ਵਿੱਚ ਆਏ ਦਿਨ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਤੇ ਨਾਲ ਹੀ ਹਰ ਰੋਜ਼ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸੀ ਦਰਮਿਆਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਣਵਾਲੀਪੁਰ ਦੇ ਇੱਕ ਕਿਸਾਨ ਦੇ ਇਕਲੌਤੇ ਪੁੱਤਰ ਦੀ ਇੰਗਲੈਂਡ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ।
ਦੱਸਿਆ ਜਾਂਦਾ ਹੈ ਕਿ ਲਗਭਗ ਦੋ ਸਾਲ ਪਹਿਲਾਂ ਪਰਿਵਾਰ ਨੇ ਆਪਣੇ ਇਕਲੌਤੇ 22 ਸਾਲਾ ਪੁੱਤਰ ਸੁਖਮਨਪ੍ਰੀਤ ਸਿੰਘ ਨੂੰ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਭੇਜਿਆ ਸੀ। ਬੀਤੀ ਸ਼ਾਮ ਜਦੋਂ ਸੁਖਮਨਪ੍ਰੀਤ ਸਿੰਘ ਆਪਣੇ ਸਾਥੀ ਨਾਲ ਡਿਊਟੀ ਉੱਤੇ ਜਾ ਰਿਹਾ ਸੀ, ਤਾਂ ਉਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਲਾਜ ਦੌਰਾਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਇਸੇ ਤਰ੍ਹਾਂ, ਝੱਬਾਲ ਦੇ ਸਰਹੱਦੀ ਪਿੰਡ ਚੀਮਾ ਕਲਾਂ ਦਾ ਇੱਕ ਨੌਜਵਾਨ, ਜੋ ਆਪਣੇ ਪਰਿਵਾਰ ਅਤੇ ਸੁਨਿਹਰੇ ਭਵਿੱਖ ਲਈ ਕੈਨੇਡਾ ਗਿਆ ਸੀ, ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਸਹਾਰਾ ਸੀ, ਜੋ ਆਪਣੀ ਪਤਨੀ ਨਾਲ ਦੋ ਸਾਲ ਪਹਿਲਾਂ ਸਪਾਊਸ ਵੀਜ਼ਾ 'ਤੇ ਕੈਨੇਡਾ ਗਿਆ ਸੀ। ਨੌਜਵਾਨ ਹਰਸਿਮਰਨ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਾਰੇ ਪਿੰਡ 'ਚ ਸੋਗ ਛਾ ਗਿਆ।
ਇਸ ਦੇ ਨਾਲ ਹੀ ਮਾਛੀਵਾੜਾ ਸਾਹਿਬ ਤੋਂ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁਝ ਸਾਲ ਪਹਿਲਾਂ ਕੈਨੇਡਾ ਗਏ ਮਾਛੀਵਾੜਾ ਦੇ ਨੌਜਵਾਨ ਰਮਨਦੀਪ ਸਿੰਘ ਗਿੱਲ (40) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ, ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸਾਰੀ ਸ਼ਹਿਰ ਵਿੱਚ ਰਹਿੰਦੇ ਸਨ, ਜਿੱਥੇ ਉਹਦਾ ਆਪਣਾ ਕਾਰੋਬਾਰ ਸੀ। ਬੀਤੇ 12 ਸਤੰਬਰ ਨੂੰ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਹੋਇਆ ਅਤੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਇਸ ਦੇ ਇਲਾਵਾ, ਭੋਗਪੁਰ ਦੇ ਅਧੀਨ ਆਉਂਦੇ ਪਿੰਡ ਚਾਹੜਕੇ ਦੇ ਨਿਵਾਸੀ ਦੀਪ ਸਿੰਘ ਅਤੇ ਅਮਰਜੀਤ ਕੌਰ ਦੇ ਪੁੱਤਰ ਗੁਰਜੀਤ ਸਿੰਘ ਭੰਗੂ (28), ਜੋ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਰੋਜ਼ੀ-ਰੋਟੀ ਕਮਾਉਣ ਗਿਆ ਸੀ, ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਰਿਵਾਰ 'ਚ ਸੋਗ ਛਾ ਗਿਆ। ਵਿਦੇਸ਼ਾਂ ਤੋਂ ਆਏ ਭਾਵੇਂ ਇਹ ਵੱਖ-ਵੱਖ ਮਾਮਲੇ ਨੇ ਪਰ ਮਾਪਿਆਂ ਦਾ ਦੁੱਖ ਇੱਕੋ ਜਿਹਾ ਹੈ। ਹਰ ਕੋਈ ਪਰਮਾਤਮਾ ਅੱਗੇ ਅਰਦਾਸ ਕਰ ਰਿਹਾ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚੋਂ ਲੰਘਣ ਦੇ ਲਈ ਪਰਿਵਾਰਕ ਮੈਂਬਰਾਂ ਨੂੰ ਹੌਂਸਲਾ ਬਖਸ਼ਣ।






















