Punjab News: ਪੰਜਾਬ 'ਚ ਆ ਸਕਦਾ ਗੰਭੀਰ ਸੰਕਟ, ਆਮ ਲੋਕਾਂ 'ਤੇ ਪਵੇਗਾ ਸਿੱਧਾ ਅਸਰ
ਸਾਰੇ ਪੰਜਾਬ 'ਚ ਭੱਠਾ ਮਾਲਕਾਂ ਵੱਲੋਂ 7 ਮਹੀਨੇ ਲਈ ਭੱਠੇ ਬੰਦ ਕਰਨ ਦੀ ਘੋਸ਼ਣਾ ਨੇ ਭੱਠਾ ਉਦਯੋਗ ਨਾਲ ਜੁੜੀਆਂ ਕਈ ਮੁਸ਼ਕਲਾਂ, ਸੰਕਟਾਂ ਅਤੇ ਚੁਣੌਤੀਆਂ ਨੂੰ ਖੜ੍ਹਾ ਕਰ ਦਿੱਤਾ ਹੈ। ਇਹ ਘੋਸ਼ਣਾ ਜ਼ਿਆਦਾਤਰ ਮਾਲਵਾ ਖੇਤਰ ਦੇ ਭੱਠਾ ਮਾਲਕਾਂ...

ਸਾਰੇ ਪੰਜਾਬ 'ਚ ਭੱਠਾ ਮਾਲਕਾਂ ਵੱਲੋਂ 7 ਮਹੀਨੇ ਲਈ ਭੱਠੇ ਬੰਦ ਕਰਨ ਦੀ ਘੋਸ਼ਣਾ ਨੇ ਭੱਠਾ ਉਦਯੋਗ ਨਾਲ ਜੁੜੀਆਂ ਕਈ ਮੁਸ਼ਕਲਾਂ, ਸੰਕਟਾਂ ਅਤੇ ਚੁਣੌਤੀਆਂ ਨੂੰ ਖੜ੍ਹਾ ਕਰ ਦਿੱਤਾ ਹੈ। ਇਹ ਘੋਸ਼ਣਾ ਜ਼ਿਆਦਾਤਰ ਮਾਲਵਾ ਖੇਤਰ ਦੇ ਭੱਠਾ ਮਾਲਕਾਂ ਵੱਲੋਂ ਕੀਤੀ ਗਈ ਹੈ, ਜਦਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਇਸ ਇਲਾਕੇ ਦੀ ਪੂਰੀ ਬੈਲਟ 'ਚ ਕੰਮ ਕਰ ਰਹੇ ਭੱਠਾ ਮਾਲਕਾਂ ਨੇ ਅਜੇ ਤੱਕ ਭੱਠੇ ਬੰਦ ਕਰਨ ਸੰਬੰਧੀ ਨਾ ਤਾਂ ਕੋਈ ਐਲਾਨ ਕੀਤਾ ਹੈ, ਨਾ ਹੀ ਇਸਦਾ ਸਮਰਥਨ ਜਾਂ ਵਿਰੋਧ।
ਜੇ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ, ਤਾਂ ਗੁਰਦਾਸਪੁਰ ਜ਼ਿਲ੍ਹੇ 'ਚ ਭੱਠੇ ਸਿਰਫ 4 ਮਹੀਨੇ ਲਈ ਹੀ ਬੰਦ ਰਹਿੰਦੇ ਸਨ, ਕਿਉਂਕਿ ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਮਾਲਵਾ ਅਤੇ ਮਾਝਾ ਖੇਤਰਾਂ ਵਿਚ ਮੀਂਹ ਦੀ ਮਾਤਰਾ ਅਤੇ ਹੋਰ ਪਰਿਸਥਿਤੀਆਂ 'ਚ ਕਾਫ਼ੀ ਫ਼ਰਕ ਹੈ। 7 ਮਹੀਨੇ ਲਈ ਭੱਠੇ ਬੰਦ ਕਰਨ ਦੀ ਸੂਰਤ 'ਚ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਗੁਰਦਾਸਪੁਰ ਦੀ ਇਸ ਬੈਲਟ 'ਚ ਕੰਮ ਕਰ ਰਹੇ ਭੱਠਾ ਮਾਲਕ ਪਹਿਲਾਂ ਤੋਂ ਹੀ ਵੱਖ-ਵੱਖ ਆਰਥਿਕ ਚੁਣੌਤੀਆਂ ਅਤੇ ਸੰਕਟਾਂ ਵਿਚ ਫਸੇ ਹੋਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਟਾਂ ਤਿਆਰ ਕਰਨ ਦੇ ਰਸਤੇ 'ਚ ਕਈ ਮੁਸ਼ਕਲਾਂ ਆ ਰਹੀਆਂ ਹਨ। ਦੂਜੇ ਪਾਸੇ, ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰ ਵੀ ਕਈ ਵਾਰ ਆਪਣੀ ਨਾਜੁਕ ਆਰਥਿਕ ਹਾਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ।
ਗੁਰਦਾਸਪੁਰ ਜ਼ਿਲ੍ਹੇ ਦੀ ਕੀ ਹੈ ਸਥਿਤੀ?
ਗੁਰਦਾਸਪੁਰ ਭੱਠਾ ਮਾਲਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਬਜਾਜ ਅਤੇ ਸੀਨੀਅਰ ਅਧਿਕਾਰੀ ਕਸ਼ਮੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਲਗਭਗ 1663 ਭੱਠੇ ਹਨ, ਜਿਨ੍ਹਾਂ ਵਿੱਚੋਂ 37 ਭੱਠੇ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ 126 ਭੱਠਿਆਂ 'ਤੇ ਮਾਲਕਾਂ ਵੱਲੋਂ ਟੈਕਸ ਭਰਿਆ ਜਾਂਦਾ ਰਿਹਾ, ਪਰ ਪਿਛਲੇ ਸੀਜ਼ਨ ਦੌਰਾਨ ਕਈ ਮੁਸ਼ਕਲਾਂ ਕਾਰਨ 33% ਭੱਠਾ ਮਾਲਕਾਂ ਨੇ ਆਪਣੇ ਭੱਠੇ ਨਹੀਂ ਚਲਾਏ। ਉਨ੍ਹਾਂ ਅਨੁਸਾਰ ਹਾਲਾਤ ਲਗਾਤਾਰ ਬੇਹੱਦ ਖਰਾਬ ਹੋ ਰਹੇ ਹਨ ਅਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭੱਠਾ ਮਾਲਕ ਇਹ ਕਾਰੋਬਾਰ ਛੱਡਣਗੇ।
ਮਾਲਵਾ ਅਤੇ ਮਾਝਾ ਵਿੱਚ ਕੀ ਅੰਤਰ ਹੈ?
ਰਾਜੀਵ ਬਜਾਜ ਨੇ ਦੱਸਿਆ ਕਿ ਮਾਲਵਾ ਖੇਤਰ 'ਚ ਮੀਂਹ ਘੱਟ ਪੈਂਦੀ ਹੈ, ਜਿਸ ਕਾਰਨ ਉੱਥੇ ਦੇ ਭੱਠਾ ਮਾਲਕ ਸਾਲ ਵਿੱਚ ਸਿਰਫ ਇੱਕ ਵਾਰੀ ਭੱਠੇ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉੱਥੇ ਦੇ ਭੱਠਿਆਂ 'ਚ ਵੱਡੀ ਮਾਤਰਾ ਵਿੱਚ ਈਟਾਂ ਬਣਾਈ ਜਾਂਦੀਆਂ ਹਨ। ਜਨਵਰੀ ਵਿੱਚ ਭੱਠਿਆਂ ਵਿੱਚ ਅੱਗ ਲਾਈ ਜਾਂਦੀ ਹੈ ਅਤੇ ਜੂਨ-ਜੁਲਾਈ ਤੱਕ ਸਾਰਾ ਕੰਮ ਮੁਕਾ ਲਿਆ ਜਾਂਦਾ ਹੈ।
ਇਸਦੇ ਉਲਟ ਮਾਝਾ ਖੇਤਰ ਵਿੱਚ ਮੀਂਹ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇੱਥੇ ਦੇ ਭੱਠਾ ਮਾਲਕ ਪਹਿਲਾਂ ਮਾਰਚ ਤੋਂ ਜੂਨ ਤੱਕ ਭੱਠੇ ਚਲਾਉਂਦੇ ਹਨ। ਫਿਰ ਚਾਰ ਮਹੀਨੇ ਲਈ ਭੱਠੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਅਕਤੂਬਰ ਤੋਂ ਦਸੰਬਰ ਤੱਕ ਦੁਬਾਰਾ ਈਟਾਂ ਤਿਆਰ ਕੀਤੀਆਂ ਜਾਂਦੀਆਂ ਹਨ।
ਇਸ ਖੇਤਰ ਵਿੱਚ ਭੱਠੇ ਸਿਰਫ 4 ਮਹੀਨੇ ਲਈ ਹੀ ਬੰਦ ਰਹਿੰਦੇ ਹਨ, ਫਿਰ ਵੀ ਭੱਠਾ ਮਾਲਕਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਮਾਲਵਾ ਖੇਤਰ ਦੇ ਭੱਠਾ ਮਾਲਕ ਸਾਲ ਵਿੱਚ ਇਕ ਵਾਰੀ ਅੱਗ ਲਾ ਕੇ ਇੱਟਾਂ ਤਿਆਰ ਕਰ ਲੈਂਦੇ ਹਨ ਅਤੇ ਜੁਲਾਈ ਤੋਂ ਬਾਅਦ ਉਹ ਇੱਟਾਂ ਸਾਰੇ ਪੰਜਾਬ ਵਿੱਚ ਵੇਚ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਯੂਨਿਅਨ ਵੱਲੋਂ 7 ਮਹੀਨੇ ਭੱਠੇ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਨਹੀਂ ਕਰ ਰਹੇ ਅਤੇ ਗੁਰਦਾਸਪੁਰ 'ਚ ਮੀਟਿੰਗ ਕਰਕੇ ਅਪਣਾ ਫੈਸਲਾ ਲੈਣਗੇ।
ਰਾਜੀਵ ਬਜਾਜ ਨੇ ਦੱਸਿਆ ਕਿ ਮਾਝਾ ਖੇਤਰ ਦੇ ਭੱਠਾ ਮਾਲਕ ਵੱਡੀਆਂ ਮੁਸ਼ਕਲਾਂ 'ਚ ਫੱਸੇ ਹੋਏ ਹਨ। ਮੀਂਹ ਕਾਰਨ ਭਾਰੀ ਨੁਕਸਾਨ ਹੁੰਦਾ ਹੈ। ਭੱਠਾ ਚਲਾਉਣ ਲਈ ਈਂਧਨ ਤੇ ਲੇਬਰ ਵੀ ਜ਼ਿਆਦਾ ਲੱਗਦੀ ਹੈ। ਐਕਸਪ੍ਰੈੱਸ ਹਾਈਵੇ ਦੇ ਨਿਰਮਾਣ ਕਾਰਨ ਮਿੱਟੀ ਦੀ ਮੰਗ ਤਿੰਨ ਗੁਣਾ ਵੱਧ ਗਈ ਹੈ, ਜਿਸ ਨਾਲ ਮਿੱਟੀ ਦੇ ਰੇਟ ਵੀ ਤਿੰਨ ਗੁਣਾ ਹੋ ਗਏ ਹਨ। ਪਹਿਲਾਂ 1 ਏਕੜ 'ਚੋਂ 1 ਫੁੱਟ ਮਿੱਟੀ ਲਈ 1 ਲੱਖ ਰੁਪਏ ਲੱਗਦੇ ਸਨ, ਹੁਣ ਇਹ ਰੇਟ 3 ਲੱਖ ਹੋ ਗਿਆ ਹੈ। ਸਰਕਾਰ ਦੀ ਖਣਨ ਨੀਤੀ ਅਤੇ ਕੋਇਲੇ ਦੇ ਵਧੇ ਰੇਟ ਵੀ ਮੁਸ਼ਕਲਾਂ ਦਾ ਕਾਰਨ ਬਣੇ ਹੋਏ ਹਨ।
ਲੇਬਰ ਦੀ ਘਾਟ ਵੀ ਭੱਠਾ ਮਾਲਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਲੋਕਲ ਲੇਬਰ ਪਹਿਲਾਂ ਹੀ ਵਿਦੇਸ਼ਾਂ ਜਾਂ ਹੋਰ ਰਾਜਾਂ ਦਾ ਰੁਖ ਕਰ ਰਹੀ ਹੈ। ਛਤੀਸਗੜ੍ਹ, ਯੂਪੀ ਅਤੇ ਬਿਲਾਸਪੁਰ ਤੋਂ ਆਉਣ ਵਾਲੀ ਲੇਬਰ ਵੀ ਹੁਣ ਆਉਣ ਤੋਂ ਘਬਰਾ ਰਹੀ ਹੈ। ਐਡਵਾਂਸ ਪੈਸੇ ਲੈਣ ਦੇ ਬਾਵਜੂਦ ਵੀ ਲੇਬਰ ਪੰਜਾਬ ਨਹੀਂ ਆ ਰਹੀ। ਜਿਹੜੀ ਲੇਬਰ ਆ ਰਹੀ ਹੈ, ਉਹ ਵੀ ਮਾਲਵਾ ਖੇਤਰ ਨੂੰ ਤਰਜੀਹ ਦੇ ਰਹੀ ਹੈ, ਕਿਉਂਕਿ ਉੱਥੇ ਕੰਮ ਵੱਧ ਹੈ। ਇਸ ਕਰਕੇ ਭੱਠਿਆਂ ਉੱਤੇ ਇੱਟਾਂ ਦੀ ਉਤਪਾਦਨ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ।
ਇੱਕ ਪਾਸੇ ਜਿੱਥੇ ਭੱਠਾ ਮਾਲਕ ਅਤੇ ਮਜ਼ਦੂਰ ਆਪਣੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉੱਥੇ ਹੀ ਦੂਜੇ ਪਾਸੇ ਆਮ ਲੋਕ ਵੀ ਇੱਟਾਂ ਦੇ ਵਧੇ ਰੇਟ ਕਾਰਨ ਨਾਰਾਜ਼ ਹਨ। 1000 ਇੱਟਾਂ ਦਾ ਰੇਟ 6800 ਤੋਂ 7000 ਰੁਪਏ ਤੱਕ ਹੋ ਗਿਆ ਹੈ, ਜਿਸ ਨੂੰ ਲੈ ਕੇ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਕੀਮਤਾਂ ਕਾਫੀ ਵਧ ਗਈਆਂ ਹਨ। ਹੁਣ ਜਦੋਂ ਪੰਜਾਬ ਦੇ ਭੱਠਾ ਮਾਲਕਾਂ ਵੱਲੋਂ 7 ਮਹੀਨੇ ਲਈ ਭੱਠੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਤਾਂ ਇਸਦਾ ਸਿੱਧਾ ਅਸਰ ਇੱਟਾਂ ਦੇ ਰੇਟਾਂ 'ਤੇ ਪਵੇਗਾ। ਜੁਲਾਈ ਦੀ ਸ਼ੁਰੂਆਤ 'ਚ ਮਾਝਾ ਸਮੇਤ ਪੰਜਾਬ ਦੇ ਹੋਰ ਖੇਤਰਾਂ ਦੇ ਭੱਠੇ ਬੰਦ ਹੋ ਜਾਣਗੇ, ਜਿਸ ਕਾਰਨ ਇੱਟਾਂ ਦੀ ਕੀਮਤ 'ਚ 200 ਤੋਂ 500 ਰੁਪਏ ਤੱਕ ਵਾਧਾ ਹੋ ਸਕਦਾ ਹੈ।






















