Punjab News: 'ਆਪ' ਲੀਡਰਾਂ ਦਾ ਪਿੰਡਾਂ 'ਚ ਵੜ੍ਹਨਾ ਔਖਾ, ਕਿਸਾਨਾਂ ਦੇ ਸਵਾਲਾਂ ਨੇ ਮੱਚਾਈ ਹਫੜਾ ਦਫੜੀ
Punjab News: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਲਈ ਪਿੰਡਾਂ ਵਿੱਚ ਵੜ੍ਹਨਾ ਔਖਾ ਹੋ ਗਿਆ ਹੈ। ਕਿਸਾਨਾਂ ਵੱਲੋਂ 'ਆਪ' ਲੀਡਰਾਂ ਦਾ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰੋਂ

Punjab News: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਲਈ ਪਿੰਡਾਂ ਵਿੱਚ ਵੜ੍ਹਨਾ ਔਖਾ ਹੋ ਗਿਆ ਹੈ। ਕਿਸਾਨਾਂ ਵੱਲੋਂ 'ਆਪ' ਲੀਡਰਾਂ ਦਾ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰੋਂ ਧਰਨੇ ਚੁਕਾਉਣ ਮਗਰੋਂ ਕਿਸਾਨਾਂ ਅੰਦਰ ਕਾਫੀ ਰੋਅ ਹੈ। ਇਸ ਲਈ ਪੁਲਿਸ ਵੱਲੋਂ ਵੀ ਹੁਣ ਕਿਸਾਨਾਂ ਉਪਰ ਜ਼ਿਆਦਾ ਸਖਤੀ ਨਹੀਂ ਵਰਤੀ ਜਾ ਰਹੀ। ਇਸ ਕਿਸਾਨ ਲਗਾਤਾਰ 'ਆਪ' ਲੀਡਰਾਂ ਨੂੰ ਘੇਰ ਰਹੇ ਹਨ।
ਬੁੱਧਵਾਰ ਨੂੰ ਵਿਧਾਇਕ ਬਲਕਾਰ ਸਿੰਘ ਸਿੱਧੂ ਪਿੰਡ ਸਲਾਬਤਪੁਰਾ, ਰਾਜਗੜ੍ਹ ਤੇ ਭਾਈ ਰੂਪਾ ਦੇ ਸਰਕਾਰੀ ਸਕੂਲਾਂ ’ਚ 75 ਲੱਖ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪੁੱਜੇ ਜਿਸ ਦੌਰਾਨ ਭਾਈ ਰੂਪਾ ਨੂੰ ਉਨ੍ਹਾਂ ਨੂੰ ਕਿਸਾਨਾਂ ਵਿਰੋਧ ਦੇ ਸਾਹਮਣਾ ਕਰਨਾ ਪਿਆ। ਪੰਜਾਬ ਸਰਕਾਰ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਤੇ ਕਿਸਾਨੀ ਮੋਰਚੇ ਉਖੇੜਨ ਦੀ ਕਾਰਵਾਈ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਭਾਈ ਰੂਪਾ ’ਚ ਵਿਧਾਇਕ ਬਲਕਾਰ ਸਿੱਧੂ ਦੇ ਪ੍ਰੋਗਰਾਮ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਸਵਾਲ ਪੁੱਛੇ।
ਵਿਧਾਇਕ ਦੇ ਭਾਈ ਰੂਪਾ ਦੇ ਵੱਖ-ਵੱਖ ਸਕੂਲਾਂ ‘ਚ ਪ੍ਰੋਗਰਾਮ ਸਨ, ਜਿਨ੍ਹਾਂ ਦਾ ਪਤਾ ਲੱਗਦਿਆਂ ਹੀ ਬਲਾਕ ਆਗੂ ਰਾਜਿੰਦਰਪਾਲ ਸਿੰਘ ਰਾਜਾ ਦੀ ਅਗਵਾਈ ਹੇਠ ਕਿਸਾਨ ਸਕੂਲ ਨੇੜੇ ਇਕੱਤਰ ਹੋ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾ ਕੇ ਬਾਅਦ ’ਚ ਧੋਖਾ ਕਰਦਿਆਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਰਡਰਾਂ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਉਠਾ ਦਿੱਤਾ।
ਇਸੇ ਤਰ੍ਹਾਂ ਪਾਤੜਾਂ ਨੇੜਲੇ ਪਿੰਡ ਭੂਤਗੜ੍ਹ ’ਚ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਮੁੜ ਰਹੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿਸਾਨ ਆਗੂਆਂ ਨੇ ਵਿਧਾਇਕ ਨੂੰ ਸਵਾਲ ਕੀਤੇ ਤਾਂ ਹਫੜਾ ਦਫੜੀ ਮੱਚ ਗਈ। ਇਸ ਦੌਰਾਨ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ’ਤੇ ਕਿਸਾਨਾਂ ਨੇ ਸਰਕਾਰ ਤੇ ਵਿਧਾਇਕ ਬਾਜ਼ੀਗਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪਹਿਲਾਂ ਤੋਂ ਹੀ ਇਸ ਐਕਸ਼ਨ ਦਾ ਐਲਾਨ ਕੀਤਾ ਹੋਇਆ ਸੀ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਪਾਤੜਾਂ ਵੱਲੋਂ ਹਲਕਾ ਵਿਧਾਇਕ ਨੂੰ ਸਵਾਲ-ਜਵਾਬ ਕਰਨ ਦੇ ਲਈ ਪਿੰਡ ਭੂਤਗੜ੍ਹ ’ਚ ਬਲਾਕ ਆਗੂ ਮਨਦੀਪ ਸਿੰਘ ਭੂਤਗੜ੍ਹ ਦੀ ਅਗਵਾਈ ਵਿੱਚ ਵੱਡਾ ਇਕੱਠ ਕੀਤਾ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ ’ਚ ਕਿਸਾਨ ਤੇ ਔਰਤਾਂ ਪਿੰਡ ਭੂਤਗੜ੍ਹ ’ਚ ਇਕੱਤਰ ਹੋਣੇ ਸ਼ੁਰੂ ਹੋ ਗਏ। ਪੁਲਿਸ ਨੇ ਸਖ਼ਤ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਸਕੂਲ ਦੇ ਬਾਹਰ ਹੀ ਰੋਕੀ ਰੱਖਿਆ।
ਕਿਸਾਨ ਅਤੇ ਔਰਤਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਸ਼ਾਂਤਮਈ ਢੰਗ ਸਵਾਲ-ਜਵਾਬ ਕਰਨ ਲਈ ਇਕੱਤਰ ਹੋਏ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਮੋਦੀ ਸਰਕਾਰ ਦੀ ਕਥਿਤ ਸ਼ਹਿ ’ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਕਿਸਾਨ ਮੋਰਚੇ ਚੁਕਵਾਏ ਗਏ, ਜਿਥੋਂ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਸਮਾਨ ਤੋੜ ਵੀ ਦਿੱਤਾ ਗਿਆ ਤੇ ਟਰੈਕਟਰ-ਟਰਾਲੀਆਂ ਸਣੇ ਹੋਰ ਸਮਾਨ ਚੋਰੀ ਹੋ ਗਿਆ।
ਪਿੰਡ ਭੂਤਗੜ੍ਹ ’ਚ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਉਹ ਵਿਧਾਇਕ ਨੂੰ ਇਹੀ ਪੁੱਛਣਾ ਚਾਹੁੰਦੇ ਹਨ ਕਿ ਕਿਸਾਨਾਂ ਦੀ ਹਮਾਇਤੀ ਕਹਾਉਣ ਵਾਲੀ ਸਰਕਾਰ ਵੱਲੋਂ ਮੋਰਚੇ ਨੂੰ ਕਿਉਂ ਖਦੇੜਿਆ ਗਿਆ? ਆਗੂਆਂ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੇਤਾ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਪ੍ਰਸ਼ਾਸਨ ਦੇ ਜ਼ੋਰ ਨਾਲ ਆਪਣਾ ਪ੍ਰੋਗਰਾਮ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੇ ਸੁਆਲਾਂ ਦੇ ਜਵਾਬ ਦੇਣ ਤੋਂ ਭੱਜ ਕੇ ਭਾਜਪਾ ਦੀ ਝੋਲੀ ਪੈ ਚੁੱਕੀ ‘ਆਮ ਆਦਮੀ ਪਾਰਟੀ’ ਨੇ ਲੋਕ ਵਿਰੋਧੀ ਤੇ ਕਿਸਾਨ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।






















