ਤਿੰਨ ਮਹੀਨਿਆਂ 'ਚ ਹੀ 'ਆਪ' ਦੇ 3 ਵਿਧਾਇਕਾਂ ਨੂੰ ਝਟਕਾ! ਪਾਰਟੀ ਦਾ ਦਾਅਵਾ, ਦਾਗੀਆਂ ਲਈ ਨਹੀਂ ਕੋਈ ਥਾਂ
ਚੰਡੀਗੜ੍ਹ: ਪੰਜਾਬ 'ਚ ਵੱਡੀ ਲੀਡ ਨਾਲ ਉੱਭਰ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਜਿੱਥੇ ਆਪਣੇ ਕੰਮਾਂ ਲਈ ਚਰਚਾ 'ਚ ਹੈ, ਉੱਥੇ ਹੀ ਪਾਰਟੀ ਦੇ ਲੀਡਰ ਵਿਵਾਦਾਂ ਵਿੱਚ ਘਿਰ ਕੇ ਪਾਰਟੀ ਦੀ ਮੁਸੀਬਤ ਵਧਾ ਰਹੇ ਹਨ।
ਚੰਡੀਗੜ੍ਹ: ਪੰਜਾਬ 'ਚ ਵੱਡੀ ਲੀਡ ਨਾਲ ਉੱਭਰ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਜਿੱਥੇ ਆਪਣੇ ਕੰਮਾਂ ਲਈ ਚਰਚਾ 'ਚ ਹੈ, ਉੱਥੇ ਹੀ ਪਾਰਟੀ ਦੇ ਲੀਡਰ ਵਿਵਾਦਾਂ ਵਿੱਚ ਘਿਰ ਕੇ ਪਾਰਟੀ ਦੀ ਮੁਸੀਬਤ ਵਧਾ ਰਹੇ ਹਨ। ਸਰਕਾਰ ਬਣੇ ਅਜੇ ਤਿੰਨ ਮਹੀਨੇ ਵੀ ਨਹੀਂ ਹੋਏ ਕਿ 3 ਵਿਧਾਇਕਾਂ ਦੀ ਕਾਰਗੁਜ਼ਾਰੀ ਸਵਾਲਾਂ 'ਚ ਆ ਚੁੱਕੀ ਹੈ। ਉੱਥੇ ਹੀ ਇੱਕ ਮੰਤਰੀ ਨੇ ਆਪਣਾ ਅਹੁਦਾ ਤੱਕ ਗਵਾ ਦਿੱਤਾ ਹੈ।
ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਦਾ ਕੋਈ ਵੀ ਦਾਗੀ ਆਗੂ, ਛੋਟਾ ਜਾਂ ਵੱਡਾ, ਵਿਧਾਇਕ ਜਾਂ ਮੰਤਰੀ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦਾਗੀ ਲੋਕਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ। ਪਾਰਟੀ ਪੂਰੀ ਕਾਰਵਾਈ ਕਰੇਗੀ ਤੇ ਦਾਗੀ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ ਲੈਂਦਿਆਂ ਸੀਐਮ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਪਹਿਲਾਂ ਤਾਂ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ ਗਿਆ ਤੇ ਫਿਰ ਗ੍ਰਿਫਤਾਰੀ ਵੀ ਹੋਈ। ਉਨ੍ਹਾਂ ਦੇ ਓਐਸਡੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਡਾ. ਵਿਜੈ ਸਿੰਗਲਾ ਤੋਂ ਪਹਿਲਾਂ ਅਮਰਗੜ੍ਹ ਤੋਂ ਚੋਣ ਜਿੱਤਣ ਵਾਲੇ ਜਸਵੰਤ ਸਿੰਘ ਗੱਜਣਮਾਜਰਾ 'ਤੇ ਸੀਬੀਆਈ ਦੀ ਰੇਡ ਨਾ ਵਿਵਾਦ ਖੜ੍ਹਾ ਕੀਤਾ ਸੀ। ਉਨ੍ਹਾਂ ਖਿਲਾਫ 40 ਕਰੋੜ ਦੇ ਬੈਂਕ ਲੋਨ ਫਰਾਡ ਦਾ ਮਾਮਲਾ ਹੈ। ਬੈਂਕ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਇਹ ਕਰਜ਼ਾ ਕਿਸੇ ਹੋਰ ਕੰਮ ਲਈ ਲਿਆ ਗਿਆ ਸੀ ਤੇ ਕਿਤੇ ਹੋਰ ਵਰਤਿਆ ਗਿਆ ਸੀ। ਸੀਬੀਆਈ ਨੇ ਉਨ੍ਹਾਂ ਦੇ ਟਿਕਾਣਿਆਂ ਤੋਂ ਖਾਲੀ ਚੈੱਕ, ਆਧਾਰ ਕਾਰਡ, ਵਿਦੇਸ਼ੀ ਕਰੰਸੀ, 16 ਲੱਖ ਨਕਦੀ ਸਮੇਤ ਬੈਂਕ ਖਾਤੇ ਦੇ ਦਸਤਾਵੇਜ਼ ਬਰਾਮਦ ਕੀਤੇ ਸੀ।
ਇਸੇ ਤਰ੍ਹਾਂ ਪਟਿਆਲਾ ਦੇਹਾਤੀ ਤੋਂ ਚੋਣ ਜਿੱਤਣ ਵਾਲੇ ਡਾ. ਬਲਬੀਰ ਸਿੰਘ ਨੂੰ ਰੋਪੜ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ 'ਤੇ ਸਾਲੀ ਨੇ ਹੀ ਕੁੱਟਮਾਰ ਦਾ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਦੀ ਪਤਨੀ ਤੇ ਪੁੱਤਰ ਨੂੰ ਵੀ ਕੈਦ ਦੀ ਸਜ਼ਾ ਹੋਈ ਹੈ। ਉਨ੍ਹਾਂ ਵਿਰੁੱਧ ਝਗੜੇ ਦਾ ਮਾਮਲਾ 2011 ਦਾ ਹੈ। ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ।