ਸਾਬਕਾ ਕਾਂਗਰਸੀ ਮੰਤਰੀਆਂ 'ਤੇ 'ਆਪ' ਸਰਕਾਰ ਦਾ ਸ਼ਿਕੰਜਾ! ਆਸ਼ੂ ਤੋਂ ਬਾਅਦ ਹੁਣ ਇਹ ਮੰਤਰੀ ਵੀ ਸਰਕਾਰ ਦੀ ਰਡਾਰ 'ਤੇ
ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਘੁਟਾਲਿਆਂ ਦੇ ਲਗਾਤਾਰ ਖੁਲਾਸੇ ਹੋ ਰਹੇ ਹਨ। ਹੁਣ ਤੱਕ ਕਈ ਮੰਤਰੀਆਂ ਖਿਲਾਫ ਕਾਰਵਾਈ ਚੱਲ ਰਹੀ ਹੈ।
ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਘੁਟਾਲਿਆਂ ਦੇ ਲਗਾਤਾਰ ਖੁਲਾਸੇ ਹੋ ਰਹੇ ਹਨ। ਹੁਣ ਤੱਕ ਕਈ ਮੰਤਰੀਆਂ ਖਿਲਾਫ ਕਾਰਵਾਈ ਚੱਲ ਰਹੀ ਹੈ। ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੰਗਤ ਸਿੰਘ ਗਿਲਜੀਆਂ ਵੀ ਜ਼ਮਾਨਤ 'ਤੇ ਬਾਹਰ ਹਨ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਘੁਟਾਲਿਆਂ ਨਾਲ ਜੁੜ ਰਿਹਾ ਹੈ। ਬੀਤੇ ਦਿਨ ਵਿਜੀਲੈਂਸ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਉੱਥੇ ਹੀ ਹੁਣ ਸਾਬਕਾ ਸੀਐਮ ਚੰਨੀ ਸਮੇਤ 4 ਹੋਰ ਸਾਬਕਾ ਕਾਂਗਰਸੀ ਮੰਤਰੀ ਪੰਜਾਬ ਸਰਕਾਰ ਦੀ ਰਾਡਾਰ 'ਤੇ ਨਜ਼ਰ ਆ ਰਹੇ ਹਨ। ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਓਪੀ ਸੋਨੀ 'ਤੇ ਹੁਣ ਸਰਕਾਰ ਦੀ ਨਜ਼ਰਾਂ ਟਿਕੀਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਗ੍ਰਾਂਟ ਵੰਡ ਦੇ ਮਾਮਲੇ 'ਚ ਕਾਰਵਾਈ ਦੀ ਰਡਾਰ 'ਤੇ ਹਨ।
ਪਰਗਟ ਸਿੰਘ 'ਤੇ ਦੋਸ਼
ਦੱਸ ਦਈਏ ਕਿ ਨਵੰਬਰ 2021 ਵਿੱਚ, ਚੰਨੀ ਸਰਕਾਰ ਨੇ 8900 ਖਿਡਾਰੀਆਂ ਨੂੰ ਖੇਡ ਕਿੱਟਾਂ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਵਿਭਾਗ ਵੱਲੋਂ ਹਰੇਕ ਖਿਡਾਰੀ ਨੂੰ ਕਿੱਟ ਲਈ 3 ਹਜ਼ਾਰ ਰੁਪਏ ਸਿੱਧੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ। ਇਹ ਰਕਮ ਕਰੀਬ 2.67 ਕਰੋੜ ਰੁਪਏ ਸੀ। ਖੇਡ ਵਿਭਾਗ ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਲਈ ਫੰਡ ਖਾਤਿਆਂ ਵਿੱਚ ਪੁੱਜਣ ਦੇ ਦੂਜੇ ਦਿਨ ਹੀ ਕੁਝ ਫਰਮਾਂ ਦੇ ਨਾਂ ਚੈੱਕ ਤੇ ਡਰਾਫਟ ਵਾਪਸ ਕਰਨ ਲਈ ਕਿਹਾ।
ਇਸ ਤੋਂ ਬਾਅਦ ਖਿਡਾਰੀਆਂ ਨੂੰ ਦਿੱਤੀਆਂ ਗਈਆਂ ਖੇਡ ਕਿੱਟਾਂ ਗੁਣਵੱਤਾ ਪੱਖੋਂ ਬਹੁਤ ਮਾੜੀਆਂ ਸਨ। ਇਹ ਰਕਮ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਖਿਡਾਰੀਆਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਸੀ। ਉਦੋਂ ਖੇਡ ਮੰਤਰੀ ਪਰਗਟ ਸਿੰਘ ਸਨ। ਮਾਨ ਸਰਕਾਰ ਨੇ ਵਿਜੀਲੈਂਸ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤ੍ਰਿਪਤ ਰਜਿੰਦਰ ਬਾਜਵਾ 'ਤੇ ਇਹ ਇਲਜ਼ਾਮ
ਉੱਥੇ ਹੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਚੋਣ ਨਤੀਜੇ ਆਉਣ ਤੋਂ ਬਾਅਦ ਵੀ ਫਾਈਲ 'ਤੇ ਦਸਤਖਤ ਕਰਕੇ 28 ਕਰੋੜ ਦਾ ਘਪਲਾ ਕਰਨ ਦਾ ਦੋਸ਼ ਹੈ। 'ਆਪ' ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦਾ ਦਾਅਵਾ ਹੈ ਕਿ ਅੰਮ੍ਰਿਤਸਰ ਦੇ ਜੀਟੀ ਰੋਡ 'ਤੇ ਸਥਿਤ 41 ਏਕੜ ਪੰਚਾਇਤੀ ਜ਼ਮੀਨ 'ਚ ਘਪਲਾ ਹੋਇਆ ਹੈ। ਵਿਜੀਲੈਂਸ ਵੱਲੋਂ ਇਸ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਦੀ ਰਿਪੋਰਟ ਮੰਤਰੀ ਵੱਲੋਂ ਸੀਐਮ ਨੂੰ ਸੌਂਪੀ ਗਈ ਸੀ।
ਵਿਧਾਇਕ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਦੋਸ਼ ਹੈ ਕਿ ਜਦੋਂ ਉਹ ਚੰਨੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ ਤਾਂ ਬੱਸ ਬਾਡੀ ਬਿਲਡਿੰਗ ਸਮੇਤ 840 ਬੱਸਾਂ ਦੀ ਖਰੀਦ ਵਿੱਚ ਕਰੀਬ 30 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਸੀ।
ਪੰਚਾਇਤੀ ਫੰਡ ਘੁਟਾਲੇ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਭੂਮਿਕਾ ਸ਼ੱਕੀ ਹੈ। ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਮੰਤਰੀ ਸਨ। ਉਨ੍ਹਾਂ 'ਤੇ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਕਰੀਬ ਸਾਢੇ ਚਾਰ ਸਾਲਾਂ 'ਚ ਉਨ੍ਹਾਂ ਨੇ ਇਸ ਤੋਂ 1.25 ਕਰੋੜ ਕਮਾਏ। ਉਨ੍ਹਾਂ 'ਤੇ ਪੋਸਟਿੰਗ ਲਈ ਵੀ 5 ਤੋਂ 20 ਲੱਖ ਤੱਕ ਦੀ ਰਿਸ਼ਵਤ ਇਕੱਠੀ ਕਰਨ ਦਾ ਦੋਸ਼ ਹੈ।
ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ
ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤੇ ਠੇਕੇਦਾਰ ਤੇ ਜੰਗਲਾਤ ਅਧਿਕਾਰੀ ਦੇ ਬਿਆਨਾਂ ਤੋਂ ਬਾਅਦ ਸਭ ਤੋਂ ਪਹਿਲਾਂ ਧਰਮਸੋਤ ਨੂੰ ਗ੍ਰਿਫਤਾਰ ਕੀਤਾ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ। ਉਨ੍ਹਾਂ 'ਤੇ ਟ੍ਰੀ ਗਾਰਡਾਂ ਦੀ ਖਰੀਦ 'ਚ ਕਰੀਬ ਸਾਢੇ ਛੇ ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ।
ਸਾਬਕਾ ਮੁੱਖ ਮੰਤਰੀ ਚੰਨੀ ਖਿਲਾਫ ਇਸ ਮਾਮਲੇ 'ਚ ਜਾਂਚ
ਸਾਬਕਾ ਮੁੱਖ ਮੰਤਰੀ ਚੰਨੀ ਪੰਜਾਬ ਨਿਰਮਾਣ ਪ੍ਰੋਗਰਾਮ ਲਈ 142 ਕਰੋੜ ਰੁਪਏ ਦੀ ਗ੍ਰਾਂਟ ਵੰਡਣ ਦੀ ਜਾਂਚ ਦੇ ਘੇਰੇ ਵਿੱਚ ਹੈ। ਇਹ ਰਕਮ ਸਿਰਫ਼ 3 ਖੇਤਰਾਂ ਵਿੱਚ ਹੀ ਖਰਚ ਕੀਤੀ ਗਈ। ਇਸ ਨੂੰ ਕਿਸ ਮਕਸਦ ਲਈ ਖਰਚ ਕੀਤਾ ਗਿਆ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।