Shiromani Akali Dal: ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਝਟਕਾ, ਕਈ ਲੀਡਰਾਂ ਨੇ ਦਿੱਤੇ ਅਸਤੀਫੇ
Shiromani Akali Dal: ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਇੱਕ ਪਾਸੇ ਬਾਦਲ ਧੜਾ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਬਾਜਿੱਦ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਪੰਥਕ ਪਾਰਟੀ ਨੂੰ ਇੱਕ ਪਰਿਵਾਰ ਦੀ ਪਾਰਟੀ

Shiromani Akali Dal: ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਇੱਕ ਪਾਸੇ ਬਾਦਲ ਧੜਾ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਬਾਜਿੱਦ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਪੰਥਕ ਪਾਰਟੀ ਨੂੰ ਇੱਕ ਪਰਿਵਾਰ ਦੀ ਪਾਰਟੀ ਬਣਾਉਣ ਦਾ ਇਲਜ਼ਾਮ ਲਾ ਕੇ ਲੀਡਰ ਅਸਤੀਫੇ ਦੇ ਰਹੇ ਹਨ। ਇਸ ਦੇ ਨਾਲ ਹੀ ਬਾਗੀ ਧੜਾ ਵੱਖਰੇ ਤੌਰ ਉਪਰ ਭਰਤੀ ਮੁਹਿੰਮ ਚਲਾ ਰਿਹਾ ਹੈ। ਅਹਿਮ ਗੱਲ਼ ਹੈ ਕਿ ਭਰਤੀ ਲਈ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਵੱਡਾ ਹੁੰਗਾਰਾ ਵੀ ਮਿਲ ਰਿਹਾ ਹੈ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗੂਰਪ ਸਿੰਘ ਚੀਮਾ, ਰਾਜਸੀ ਮਾਮਲਿਆਂ ਦੇ ਮੈਂਬਰ ਬਲਬੀਰ ਸਿੰਘ ਕੁਠਾਲਾ, ਸਲਾਹਕਾਰਾਂ ਡਾ. ਕਾਰਜ ਸਿੰਘ ਧਰਮਸਿੰਘ ਵਾਲਾ ਤੇ ਗੁਰਮੁੱਖ ਸਿੰਘ ਸੰਧੂ, ਵਰਕਿੰਗ ਕਮੇਟੀ ਮੈਂਬਰ ਗਗਨਦੀਪ ਸਿੰਘ ਰਿਆੜ ਤੇ ਜਾਇੰਟ ਸਕੱਤਰ ਸੁਖਵਿੰਦਰ ਸਿੰਘ ਦੀਨਾਨਗਰ ਤੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਗੁਰਸਰਨ ਸਿੰਘ ਸੰਧੂ ਤੇ ਅਰਵਿੰਦਰ ਸਿੰਘ ਮਿੰਟੂ ਪਟਿਆਲਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਅਸਤੀਫ਼ੇ ਤੁਰੰਤ ਪ੍ਰਵਾਨ ਕਰਨ ਦੀ ਅਪੀਲ ਕੀਤੀ।
ਇਨ੍ਹਾਂ ਲੀਡਰਾਂ ਨੇ ਕਿਹਾ ਕਿ ਪਾਰਟੀ ਨੇ ਕਦੇ ਵੀ ਉਨ੍ਹਾਂ ਦੀ ਸਲਾਹ ਨਹੀਂ ਲਈ। ਉਨ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਪਾਰਟੀ ਦੇ ਬੁਲਾਰੇ ਤੇ ਜਰਨਲ ਸਕੱਤਰ ਦੇ ਅਹੁਦਿਆਂ ਤੋਂ ਦਿੱਤੇ ਅਸਤੀਫੇ ਨਾਲ ਪੂਰਨ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਗਲਤ ਸਲਾਹਕਾਰਾਂ ਤੋਂ ਬਚਣ ਦੀ ਬੇਹੱਦ ਲੋੜ ਹੈ। ਸਾਰਿਆਂ ਨੇ ਇੱਕਮੱਤ ਹੁੰਦਿਆਂ ਕਰਨੈਲ ਸਿੰਘ ਪੀਰਮੁਹੰਮਦ ਨਾਲ ਖੜ੍ਹਨ ਦਾ ਐਲਾਨ ਕੀਤਾ। ਉਨ੍ਹਾਂ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਮੂਕ ਦਰਸ਼ਕ ਬਣਨ ਦੀ ਥਾਂ ਪਾਰਟੀ ਦੀ ਵਿਗੜਦੀ ਜਾ ਰਹੀ ਦਿਸ਼ਾ ਤੇ ਦਸ਼ਾ ਨੂੰ ਠੀਕ ਕਰਨ ਲਈ ਆਵਾਜ਼ ਬੁਲੰਦ ਕਰਨ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪਰੈਲ ਨੂੰ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਪਾਰਟੀ ਨੇ 12 ਅਪਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਲ ਦਾ ਜਨਰਲ ਇਜਲਾਸ ਸੱਦ ਲਿਆ ਹੈ। ਬੇਸ਼ੱਕ ਪਾਰਟੀ ਪ੍ਰਧਾਨ ਦੀ ਚੋਣ ਡੈਲੀਗੇਟਾਂ ਦੁਆਰਾ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸੁਖਬੀਰ ਬਾਦਲ ਹੀ ਇਕਲੌਤੇ ਉਮੀਦਵਾਰ ਨਜ਼ਰ ਆ ਰਹੇ ਹਨ। ਸੁਖਬੀਰ ਬਾਦਲ ਦਾ ਪ੍ਰਧਾਨ ਬਣਨਾ ਇਸ ਲਈ ਵੀ ਤੈਅ ਹੈ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਵੱਖਰੇ ਤੌਰ ਉਪਰ ਭਰਤੀ ਕਰਨ ਰਹੇ ਹਨ।






















