Punjab News: ਪੰਜਾਬ ਦੇ ਕਿਸਾਨਾਂ ਨੂੰ ਵੱਡਾ ਝਟਕਾ! ਹੁਣ ਝੋਨੇ ਦੀ ਫਸਲ ’ਤੇ ‘ਚੀਨੀ ਵਾਇਰਸ’ ਦਾ ਹਮਲਾ, ਮੁਆਇਨਾ ਕਰਨ ਲਈ ਖੇਤਾਂ 'ਚ ਪਹੁੰਚੇ ਅਧਿਕਾਰੀ
ਹੜ੍ਹਾਂ ਤੋਂ ਬਾਅਦ ਹੁਣ ਚੀਨੀ ਵਾਇਰਸ ਨੇ ਪੰਜਾਬ ਦੇ ਕਿਸਾਨਾਂ ਦਾ ਲੱਕ ਭੰਨ ਦਿੱਤਾ ਹੈ। ਪੰਜਾਬ ਵਿੱਚ ਪੱਕਣ ’ਤੇ ਆਈ ਝੋਨੇ ਦੀ ਫ਼ਸਲ ਉਪਰ ‘ਚੀਨੀ ਵਾਇਰਸ’ ਦਾ ਹਮਲਾ ਹੋ ਗਿਆ ਹੈ। ਇਸ ਤੋਂ ਘਬਰਾ ਕੇ ਕਿਸਾਨਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਸਪਰੇਆਂ...

ਹੜ੍ਹਾਂ ਤੋਂ ਬਾਅਦ ਹੁਣ ਚੀਨੀ ਵਾਇਰਸ ਨੇ ਪੰਜਾਬ ਦੇ ਕਿਸਾਨਾਂ ਦਾ ਲੱਕ ਭੰਨ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਪੱਕਣ ’ਤੇ ਆਈ ਝੋਨੇ ਦੀ ਫ਼ਸਲ ਉਪਰ ਚੀਨੀ ਵਾਇਰਸ ਦਾ ਹਮਲਾ ਹੋ ਗਿਆ ਹੈ। ਜਿਸ ਕਰਕੇ ਕਿਸਾਨਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਉਹ ਇਸ ਤੋਂ ਘਬਰਾ ਕੇ ਵੱਖ-ਵੱਖ ਤਰ੍ਹਾਂ ਦੀਆਂ ਸਪਰੇਆਂ ਕਰ ਰਹੇ ਹਨ। ਇਸ ਵਾਇਰਸ ਦੇ ਹਮਲੇ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਅਚਾਨਕ ਸੁੱਕਣ ਲੱਗ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਇਸ ਵਾਇਰਸ ਦਾ ਮੁਆਇਨਾ ਕਰਨ ਲਈ ਲਗਾਤਾਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਇਨ੍ਹਾਂ ਇਲਾਕਿਆਂ ਚ ਹੋਇਆ ਇਸ ਵਾਇਰਸ ਦਾ ਅਟੈਕ
ਖੇਤੀ ਮਾਹਿਰਾਂ ਅਨੁਸਾਰ ‘ਚੀਨੀ ਵਾਇਰਸ’ ਦੀ ਮਾਰ ਹੇਠ ਮਾਨਸਾ ਤੋਂ ਇਲਾਵਾ ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੋਹਾਲੀ, ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹੇ ਆ ਗਏ ਹਨ, ਜਿੱਥੇ 10 ਹਜ਼ਾਰ ਏਕੜ ਤੋਂ ਵੱਧ ਰਕਬਾ ਇਸ ਵਾਇਰਸ ਦੀ ਲਪੇਟ ਹੇਠਾਂ ਦੱਸਿਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਪੀ ਏ ਯੂ ਦੇ ਮਾਹਿਰਾਂ ਵੱਲੋਂ ਇਸ ਬਿਮਾਰੀ ਦੇ ਟਾਕਰੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹੜ੍ਹਾਂ ਦੇ ਪਾਣੀ ਕਾਰਨ ਇਹ ਵਾਇਰਸ ਵੱਧ ਫੈਲਣ ਲੱਗ ਪਿਆ ਹੈ। ਉਂਝ ਪਿਛਲੇ ਦੋ ਸਾਲਾਂ ’ਚ ਇਸ ਵਾਇਰਸ ਦਾ ਨਾ-ਮਾਤਰ ਹੀ ਹਮਲਾ ਹੋਇਆ ਸੀ ਪਰ ਇਸ ਵਾਰ ਹੜ੍ਹਾਂ ਤੋਂ ਬਾਅਦ ਇਹ ਹਮਲਾ ਅਚਾਨਕ ਹੀ ਵਧ ਗਿਆ ਹੈ।
PAU ਦੀਆਂ ਟੀਮਾਂ ਕਰ ਰਹੀਆਂ ਖੇਤਾਂ ਦਾ ਦੌਰਾ
ਪੰਜਾਬ ਸਰਕਾਰ ਨੂੰ ਝੋਨੇ ਦੀ ਫ਼ਸਲ ’ਤੇ ਹਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਖੇਤੀਬਾੜੀ ਅਧਿਕਾਰੀਆਂ ਸਮੇਤ ਪੀ ਏ ਯੂ ਦੀਆਂ ਲਗਪਗ 12 ਟੀਮਾਂ ਵੱਲੋਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਚੀਨੀ ਵਾਇਰਸ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ। ਖੇਤੀ ਵਿਗਿਆਨੀਆਂ ਮੁਤਾਬਕ ਵਾਇਰਸ ਦੇ ਹਮਲੇ ਮਗਰੋਂ ਝੋਨੇ ਦੇ ਸਿੱਟਿਆਂ ਵਿਚਲੇ ਦਾਣੇ ਸੁੱਕ ਜਾਂਦੇ ਹਨ ਅਤੇ ਉਸ ਦਾ ਕੱਦ ਵੀ ਘੱਟ ਰਹਿ ਜਾਂਦਾ ਹੈ। ਵਾਇਰਸ ਦਾ ਕੀੜਾ ਸਿੱਟਿਆਂ ਨੂੰ ਖੋਖਲਾ ਵੀ ਕਰ ਦਿੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















