Punjab News: ਚੱਲਦੇ ਪੇਪਰ 'ਚ ਹੀ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ
ਪ੍ਰੀਖਿਆ ਕੇਂਦਰਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਫਲਾਇੰਗ ਸਕੁਐਡ ਲਗਾਤਾਰ ਛਾਪੇਮਾਰੀ ਕਰ ਰਹੇ ਹਨ। ਇਸ ਸਬੰਧ ਵਿੱਚ ਸੋਮਵਾਰ ਸੀਨੀਅਰ ਮਹਿਲਾ ਅਧਿਕਾਰੀ ਅਮਰਜੀਤ ਕੌਰ ਦਾਲਮ ਦੀ ਅਗਵਾਈ 'ਚ ਫਲਾਇੰਗ ਸਕੁਐਡ ਦੀ ਇਕ ਟੀਮ ਨੇ ਗੁਰਦਾਸਪੁਰ

Superintendent Suspended: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਪ੍ਰੀਖਿਆ ਕੇਂਦਰਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਫਲਾਇੰਗ ਸਕੁਐਡ ਲਗਾਤਾਰ ਛਾਪੇਮਾਰੀ ਕਰ ਰਹੇ ਹਨ। ਇਸ ਸਬੰਧ ਵਿੱਚ ਸੋਮਵਾਰ ਸੀਨੀਅਰ ਮਹਿਲਾ ਅਧਿਕਾਰੀ ਅਮਰਜੀਤ ਕੌਰ ਦਾਲਮ ਦੀ ਅਗਵਾਈ 'ਚ ਫਲਾਇੰਗ ਸਕੁਐਡ ਦੀ ਇਕ ਟੀਮ ਨੇ ਗੁਰਦਾਸਪੁਰ ਦੇ ਕਈ ਸਕੂਲਾਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਜਾਂਚ ਕੀਤੀ। ਇਸ ਦੌਰਾਨ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਲੜਕਿਆਂ ਦੇ ਪ੍ਰੀਖਿਆ ਕੇਂਦਰ ਦੇ ਇਕ ਸੁਪਰਡੈਂਟ ਨੂੰ ਲਾਪਰਵਾਹੀ ਦੇ ਦੋਸ਼ਾਂ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਬਹੁਤ ਸਾਰੇ ਸੀਨੀਅਰ ਅਧਿਕਾਰੀ ਅਜੇ ਵੀ ਪ੍ਰੀਖਿਆ ਕੇਂਦਰਾਂ ਵਿੱਚ ਮੌਜੂਦ ਹਨ, ਜੋ ਆਪਣੇ ਅਹੁਦੇ, ਪ੍ਰਭਾਵ ਅਤੇ ਸਰਕਾਰੀ ਮਸ਼ੀਨਰੀ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਨਕਲ ਕਰਵਾਉਣ ਲਈ ਮਦਦ ਕਰਦੇ ਹਨ।
ਕੁਤਾਹੀ ਦੇ ਚੱਲਦੇ ਕੀਤਾ ਗਿਆ ਮੁਅੱਤਲ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੱਤਰ ਨੰਬਰ ਪੀ. ਐੱਸ. ਐੱਸ. ਬੀ. ਕੇ.ਪ੍ਰੀ-2025/221 ਮਿਤੀ 18 ਮਾਰਚ ਅਨੁਸਾਰ, ਪ੍ਰੀਖਿਆ ਕੇਂਦਰ ਨੰਬਰ 241251 ਵਿਖੇ ਸੁਪਰਡੈਂਟ ਵਜੋਂ ਤਾਇਨਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਵਰ, ਜ਼ਿਲ੍ਹਾ ਗੁਰਦਾਸਪੁਰ ਦੇ ਲੈਕਚਰਾਰ ਅਸ਼ਵਨੀ ਕੁਮਾਰ ਨੂੰ 10ਵੀਂ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਘੋਰ ਲਾਪਰਵਾਹੀ ਅਤੇ ਕੁਤਾਹੀ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿੱਚ ਸਥਿਤ ਹੈ। ਮੁਅੱਤਲੀ ਦੀ ਮਿਆਦ ਦੌਰਾਨ ਕਰਮਚਾਰੀ ਦਾ ਮੁੱਖ ਦਫਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ (D. E. O.), ਗੁਰਦਾਸਪੁਰ ਵਜੋਂ ਨਿਰਧਾਰਤ ਕੀਤਾ ਗਿਆ ਹੈ। ਸਾਰੇ ਪ੍ਰਬੰਧਾਂ ਦੇ ਬਾਵਜੂਦ ਇਹ ਪਤਾ ਲੱਗਾ ਹੈ ਕਿ ਕੁਝ ਸੀਨੀਅਰ ਸਰਕਾਰੀ ਅਧਿਕਾਰੀ ਆਪਣੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਪ੍ਰੀਖਿਆਵਾਂ ਵਿੱਚ ਨਕਲ ਕਰਵਾਉਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਵਿਭਾਗ ਵੱਲੋਂ ਇਹ ਸਖ਼ਤ ਕਾਰਵਾਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਹੈ। ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫਲਾਇੰਗ ਸਕੁਐਡ ਟੀਮਾਂ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਪ੍ਰੀਖਿਆ ਪ੍ਰੋਟੋਕੋਲ ਦੀ ਗੰਭੀਰ ਉਲੰਘਣਾ ਦਾ ਪਰਦਾਫ਼ਾਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਹੋਈ ਦਸਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਫਲਾਇੰਗ ਸਕੁਐਡ ਨੇ ਪਾਇਆ ਕਿ ਨਿਗਰਾਨ ਕਿਰਨਦੀਪ ਕੌਰ, ਜੋ ਹਿੰਦੀ ਮਿਸਟ੍ਰੈਸ ਹੈ, ਵਿਦਿਆਰਥੀਆਂ ਦੀ ਸਹਾਇਤਾ ਲਈ ਆਪਣੇ ਮੋਬਾਈਲ ਫੋਨ ‘ਤੇ ਵੱਟਸਐਪ ਰਾਹੀਂ ਪ੍ਰਸ਼ਨਾਂ ਦੇ ਉੱਤਰ ਮੰਗਵਾ ਰਹੀ ਸੀ। ਪ੍ਰੀਖਿਆ ਪ੍ਰਣਾਲੀ ਦੀ ਇਹ ਸਪੱਸ਼ਟ ਉਲੰਘਣਾ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਸ਼ਵਨੀ ਕੁਮਾਰ, ਲੈਕਚਰਾਰ, ਦੀ ਡਿਊਟੀ ਵਿੱਚ ਕੁਤਾਹੀ ਕਾਰਨ ਹੋਈ, ਜਿਸ ਨੇ ਲਾਪਰਵਾਹੀ ਵਰਤਦਿਆਂ ਪ੍ਰੀਖਿਆ ਹਾਲ ਦੇ ਅੰਦਰ ਮੋਬਾਈਲ ਲਿਜਾਣ ਦੀ ਆਗਿਆ ਦਿੱਤੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਸਾਡੀ ਸਰਕਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਾਡੀ ਪ੍ਰੀਖਿਆ ਪ੍ਰਣਾਲੀ ਦੀ ਸ਼ਾਨ ਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਆਪਣੇ ਮਿਸ਼ਨ ’ਤੇ ਪੂਰੀ ਤਰ੍ਹਾਂ ਦ੍ਰਿੜ੍ਹ ਹੈ।’’ ਉਨ੍ਹਾਂ ਕਿਹਾ ਕਿ ਅਜਿਹੀ ਉਲੰਘਣਾ ਤੇ ਬੇਨਿਯਮੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਆਪਣੀ ਮੁਅੱਤਲੀ ਦੌਰਾਨ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ, ਗੁਰਦਾਸਪੁਰ ਨੂੰ ਰਿਪੋਰਟ ਕਰਨਗੇ, ਜਿੱਥੇ ਮੁਅੱਤਲ ਕੀਤੇ ਦੋਵਾਂ ਅਧਿਆਪਕਾਂ ਨੂੰ ਹੈੱਡਕੁਆਟਰ ਸੱਦਿਆ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
