MLA Jauramajra: ਮੁੜ ਵਿਵਾਦਾਂ ’ਚ ਘਿਰੇ ਸਾਬਕਾ ਸਿਹਤ ਮੰਤਰੀ ਜੌੜੇਮਾਜਰਾ, ਹੁਣ ਅਧਿਆਪਕਾਂ ਦੀ ਸ਼ਰੇਆਮ ਕੀਤੀ ਲਾਹਪਾਹ
MLA Chetan Singh Jauramajra: ਸਾਬਕਾ ਸਿਹਤ ਮੰਤਰੀ ਤੇ ‘ਆਪ’ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਮੁੜ ਵਿਵਾਦਾਂ ਵਿੱਚ ਆ ਗਏ ਹਨ। ਵਿਧਾਇਕ ਜੌੜਾਮਾਜਾਰਾ ਨੂੰ ਹੁਣ ਅਧਿਆਪਕਾਂ ਉਪਰ ਗੁੱਸਾ ਚੜ੍ਹ ਗਿਆ ਤੇ ਸਟੇਜ ਉਪਰੋਂ ਹੀ ਪ੍ਰਿੰਸੀਪਲ ਤੇ

MLA Chetan Singh Jauramajra: ਸਾਬਕਾ ਸਿਹਤ ਮੰਤਰੀ ਤੇ ‘ਆਪ’ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਮੁੜ ਵਿਵਾਦਾਂ ਵਿੱਚ ਆ ਗਏ ਹਨ। ਵਿਧਾਇਕ ਜੌੜਾਮਾਜਾਰਾ ਨੂੰ ਹੁਣ ਅਧਿਆਪਕਾਂ ਉਪਰ ਗੁੱਸਾ ਚੜ੍ਹ ਗਿਆ ਤੇ ਸਟੇਜ ਉਪਰੋਂ ਹੀ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਲਾਹਪਾਹ ਕਰ ਦਿੱਤੀ। ਵੀਡੀਓ ਵਾਇਰਲ ਹੋਣ ਮਗਰੋਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ਭਗਵੰਤ ਮਾਨ ਸਰਕਾਰ ਤੇ ਵਿਧਾਇਕ ਜੌੜਾਮਾਜਰਾ ਨੂੰ ਘੇਰਿਆ ਹੈ।
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ‘ਆਪ’ ਸਰਕਾਰ ’ਤੇ ਸਰਕਾਰੀ ਸਕੂਲਾਂ ਦਾ ਸਿਆਸੀਕਰਨ ਕਰਨ ਦੇ ਦੋਸ਼ ਲਾਏ ਹਨ। ਡੀਟੀਐੈਫ ਆਗੂਆਂ ਨੇ ਸੋਮਵਾਰ ਨੂੰ ਸਿੱਖਿਆ ਕ੍ਰਾਂਤੀ ਨੂੰ ਪ੍ਰਫੁੱਲਤ ਕਰਨ ਦੇ ਨਾਮ ’ਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ‘ਆਪ’ ਵਿਧਾਇਕਾਂ ਨੂੰ ਭੇਜਣ ਦੀ ਕਾਰਵਾਈ ਦੇ ਹਵਾਲੇ ਨਾਲ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ’ਚ ਸਿਆਸੀ ਦਖਲਅੰਦਾਜ਼ੀ ਬੰਦ ਕਰੇ। ਜਥੇਬੰਦੀ ਨੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ’ਤੇ ਅਜਿਹੇ ਹੀ ਇੱਕ ਸਮਾਗਮ ਦੌਰਾਨ ਸਕੂਲ ਦੀ ਸਟੇਜ ਤੋਂ ਅਧਿਆਪਕਾਂ ਦੀ ਲਾਹਪਾਹ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅਧਿਆਪਕ ਵਰਗ ਸਕੂਲਾਂ ’ਚ ਅਜਿਹਾ ਬਦਸੂਰਤ ਮਾਹੌਲ ਸਿਰਜਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ।
AAP MLA and former minister Chetan Singh Jouramajra allegedly misbehaved and humiliated teachers from the stage at School of Eminence, Samana, just because parents had left without listening his speech. The principal said that entire staff felt humiliated in front of students. pic.twitter.com/oZP8SHEp0A
— Divya Goyal (@divya5521) April 7, 2025
ਦਰਅਸਲ ਸੋਮਵਾਰ ਨੂੰ ਵਿਧਾਇਕ ਜੌੜਾਮਾਜਰਾ ਸਮਾਣਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾਂ ’ਤੇ ਜੰਮ ਕੇ ਵਰ੍ਹੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਆਫ਼ ਐਮੀਨੈਂਸ ਦੀ ਚਾਰਦੀਵਾਰੀ ਦੇ ਉਦਘਾਟਨ ਸਮੇਂ ਜੌੜੇਮਾਜਰਾ ਉਥੇ ਪੁੱਜੇ। ਕਰੀਬ 2.35 ਮਿੰਟ ਦੀ ਵਾਇਰਲ ਹੋ ਰਹੀ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਜੌੜੇਮਾਜਰਾ ਨੂੰ ਜਦੋਂ ਇਕੱਠ ਨੂੰ ਸੰਬੋਧਨ ਕਰਨ ਲਈ ਸੱਦਿਆ ਗਿਆ ਤਾਂ ਉਹ ਮਾਹੌਲ ਨੂੰ ਦੇਖ ਕੇ ਖਿੱਝ ਗਏ। ਉਨ੍ਹਾਂ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਹਰਜੋਤ ਕੌਰ ਨੂੰ ਝਾੜ ਮਾਰੀ।
ਵੀਡੀਓ ਵਿੱਚ ਉਹ ਆਖਦੇ ਦਿਖਾਈ ਦੇ ਰਹੇ ਹਨ, ‘‘ਟੋਟਲ ਫੇਲ੍ਹ ਹੈ ਪ੍ਰੋਗਰਾਮ ਤੁਹਾਡਾ। ਕੋਈ ਹੈ ਮਾੜਾ ਮੋਟਾ ਦਿਮਾਗ ਕੰਮ ਕਰਦਾ। ਤੁਹਾਡੀ ਕੋਈ ਮਾੜੀ ਮੋਟੀ ਪਾਵਰ ਬੱਚਿਆਂ ’ਤੇ ਹੈ। ਏਹ ਸਕੂਲ ਥੋੜ੍ਹੀ ਹੈ। ਸਕੂਲ ਵਾਲੀ ਗੱਲ ਹੀ ਨਹੀਂ ਹੈ ਇੱਥੇ।’’ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ, ਅਧਿਆਪਕਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਗੈਰਹਾਜ਼ਰੀ ਦੀ ਸ਼ਿਕਾਇਤ ਕਰਦਿਆਂ ਜੌੜੇਮਾਜਰਾ ਨੇ ਸਵਾਲ ਕੀਤਾ ਕਿ ਕੀ ਇਹ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਆਵਾਰਾ ਘੁੰਮ ਰਹੇ ਹਨ, ਉਨ੍ਹਾਂ ਦੀ ਗੈਰਹਾਜ਼ਰੀ ਲਗਾਉ। ਮੈਂ ਮਾੜੇ ਪ੍ਰਬੰਧਾਂ ਲਈ ਅਧਿਆਪਕਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ। ਸੂਤਰਾਂ ਮੁਤਾਬਕ ਪ੍ਰੋਗਰਾਮ ਬਾਰੇ ਆਖਰੀ ਮਿੰਟ ’ਚ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਦੁਚਿੱਤੀ ਦਾ ਮਾਹੌਲ ਬਣਿਆ। ਸਕੂਲ ਪ੍ਰਿੰਸੀਪਲ ਹਰਜੋਤ ਕੌਰ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਬਾਰੇ ਜੌੜੇਮਾਜਰਾ ਨੇ ਇਤਰਾਜ਼ ਕੀਤਾ ਹੈ, ਉਹ ਪੰਡਾਲ ’ਚ ਨਹੀਂ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਪੂਰੇ ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੇ ਸਨ।
ਉਧਰ, ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ ਜਾਰੀ ਬਿਆਨ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਖ਼ਦਸ਼ਾ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ ਕਿ ਸਕੂਲਾਂ ਦੇ ਸੰਵੇਦਨਸ਼ੀਲ ਮਾਹੌਲ ਦਾ ਸਿਆਸੀਕਰਨ ਵਿੱਦਿਅਕ ਮਾਹੌਲ ਨੂੰ ਖਰਾਬ ਕਰੇਗਾ। ਇਸ ਦੀ ਤਾਜ਼ਾ ਮਿਸਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਇੱਕ ਸਰਕਾਰੀ ਸਕੂਲ ’ਚ ਅਧਿਆਪਕਾਂ ਨੂੰ ਬੋਲੇ ਕਥਿਤ ਅਪਸ਼ਬਦ ਹਨ।
ਅਧਿਆਪਕ ਆਗੂਆਂ ਨੇ ਸਰਕਾਰ ਤੋਂ ਸਕੂਲਾਂ ਨੂੰ ਸਿਆਸੀ ਹਿਤਾਂ ਲਈ ਵਰਤਣ ਤੋਂ ਗੁਰੇਜ਼ ਕਰਨ ਦੀ ਮੰਗ ਕਰਦਿਆਂ ਅਜਿਹੇ ਬੇਲੋੜੇ ਪ੍ਰੋਗਰਾਮਾਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਕੂਲਾਂ ਦੇ ਸਾਲਾਨਾ ਨਤੀਜੇ ਐਲਾਨਣ ਲਈ ਕੀਤੀਆਂ ਗਈਆਂ ਪੀਟੀਐਮ ਵਿੱਚ ਵਿਦਿਆਰਥੀਆਂ ਸਮੇਤ ਮਾਪਿਆਂ ਵੱਲੋਂ ਵੱਡੀ ਗਿਣਤੀ ਸਮੂਲੀਅਤ ਕੀਤੀ ਗਈ ਸੀ।
ਜਦਕਿ ਹੁਣ ਸਕੂਲਾਂ ਅੰਦਰ ਦਾਖਲਿਆਂ ਦਾ ਮਾਹੌਲ ਹੋਣ ਕਾਰਨ ਕਿਤਾਬਾਂ ਦੀ ਵੰਡ ਵੰਡਾਈ ਤੇ ਯੂਡਾਇਸ ਸਮੇਤ ਹੋਰ ਰੁਝੇਵੇਂ ਅਧਿਆਪਕਾਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਦੇ ਰਹੇ। ਜਿਸ ਕਰਕੇ ਅਜਿਹੇ ਸਮੇਂ ਸਕੂਲਾਂ ਨੂੰ ਸਿਆਸੀ ਅਖਾੜੇ ਬਣਾ ਕੇ ਵਿਦਿਅਕ ਮਾਹੌਲ ਨੂੰ ਹੋਰ ਨਿਵਾਣ ਵੱਲ ਧੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਟਿਆਲਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿਚਲੇ ਅਜਿਹੇ ਇੱਕ ਸਮਾਗਮ ਨੂੰ ਸੰਬੋਧਨ ਦੌਰਾਨ ਅਧਿਆਪਕਾਂ ਦੀ ਲਾਹ ਪਾਹ ਕਰਦਿਆਂ ਵਿਧਾਇਕ ਜੌੜਾਮਾਜਰਾ ਦੀ ਇੱਕ ਵੀਡੀਓ ਕਲਿੱਪ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ।






















