Punjab News: ਹੜ੍ਹ ਅਲਰਟ ਵਿਚਾਲੇ ਸਿਹਤ ਵਿਭਾਗ ਵੱਲੋਂ ਪੰਜਾਬ 'ਚ ਐਡਵਾਇਜ਼ਰੀ ਜਾਰੀ, ਪੜ੍ਹੋ…
ਪੰਜਾਬ ਲਈ ਇੱਕ ਪਾਸੇ ਹੜ੍ਹਾਂ ਦਾ ਸੰਕਟ ਤੇ ਦੂਜੇ ਪਾਸੇ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ। ਜਿਸ ਕਰਕੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਸਾਵਧਾਨ..

ਪੰਜਾਬ ਵਿੱਚ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ। ਜਿੱਥੇ ਲੋਕਾਂ ਨੂੰ ਹੜ੍ਹ ਦੀ ਮਾਰ ਝੱਲਣੀ ਪੈ ਰਹੀ ਹੈ, ਓਥੇ ਹੀ ਕਈ ਕਿਸਮ ਦੀਆਂ ਜਾਨਲੇਵਾ ਬਿਮਾਰੀਆਂ ਵੀ ਦਸਤਕ ਦੇਣ ਵਾਲੀਆਂ ਹਨ। ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਬਿਮਾਰੀਆਂ ਫੈਲਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਦੇ ਸਿਹਤ ਤੇ ਕਲਿਆਣ ਮੰਤਰੀ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਵੱਲੋਂ ਇੱਕ ਜਾਗਰੂਕਤਾ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ।
ਰਾਹਤ ਕੈਂਪਾਂ 'ਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਖਾਸ ਅਪੀਲ
ਇਸ ਰਾਹੀਂ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਂਪਾਂ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਰਾਹਤ ਕੈਂਪਾਂ ਵਿੱਚ ਤੌਲੀਆ, ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰਨ। ਜੇ ਜ਼ਖਮ, ਛਾਲੇ ਜਾਂ ਸੈਕੰਡਰੀ ਇਨਫੈਕਸ਼ਨ ਨਜ਼ਰ ਆਉਣ ਤਾਂ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰ ਨੂੰ ਤੁਰੰਤ ਸੂਚਿਤ ਕਰੋ। ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਹੀ ਪੀਓ। ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਣ ‘ਤੇ ORS ਲੈਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਸਿਹਤ ਕੈਂਪ/ਸੰਸਥਾ ‘ਤੇ ਜਾਓ।
ਪਾਣੀ ਇਕੱਠਾ ਨਾ ਹੋਣ ਦਿਓ ਅਤੇ ਸਾਰੇ ਬਰਤਨ ਢੱਕ ਕੇ ਰੱਖੋ। ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ ਹਰ ਰਾਤ ਮੱਛਰਦਾਨੀ ਲਗਾ ਕੇ ਸੋਵੋ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਾਵਧਾਨੀ ਨਾਲ ਚੱਲੋ ਅਤੇ ਸੱਪ ਦੇ ਡੱਸਣ ਤੋਂ ਬਚਣ ਲਈ ਜੁੱਤੇ ਅਤੇ ਟਾਰਚ ਦੀ ਵਰਤੋਂ ਕਰੋ। ਚੱਕਤੇ ਅਤੇ ਫੰਗਸ ਇਨਫੈਕਸ਼ਨ ਤੋਂ ਬਚਣ ਲਈ ਸੁੱਕੇ ਕੱਪੜੇ ਪਹਿਨੋ ਅਤੇ ਆਪਣੀ ਤਵਚਾ ਸਾਫ਼ ਰੱਖੋ। ਇਸ ਮੌਕੇ ‘ਤੇ ਸਿਹਤ ਵਿਭਾਗ ਮੋਗਾ ਦਾ ਮਾਸ ਮੀਡੀਆ ਵਿੰਗ ਵੀ ਮੌਜੂਦ ਸੀ।






















