Punjab News: ਜਾਖੜ ਵੱਲੋਂ ਵੱਡਾ ਬਿਆਨ! ਬੋਲੇ- 'BJP-SAD ਗਠਜੋੜ ਜ਼ਰੂਰੀ...ਪੰਜਾਬ 'ਚ 1996 ਵਰਗੇ ਹਾਲਾਤ, ਦੋਵਾਂ ਪਾਰਟੀਆਂ ਨੂੰ ਮੁੜ ਇੱਕ ਹੋਣ ਦੀ ਲੋੜ'
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਭਾਜਪਾ-ਅਕਾਲੀ ਦਲ ਗਠਜੋੜ ਨੂੰ ਜ਼ਰੂਰੀ ਦੱਸਿਆ ਹੈ। ਮੀਡੀਆ ਨੂੰ ਇੰਟਰਵਿਊ ਦਿੰਦਿਆਂ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਦੀ ਗੱਲ ਦੁਹਰਾਈ।

BJP-SAD Alliance: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਭਾਜਪਾ-ਅਕਾਲੀ ਦਲ ਗਠਜੋੜ ਨੂੰ ਜ਼ਰੂਰੀ ਦੱਸਿਆ ਹੈ। ਮੀਡੀਆ ਨੂੰ ਇੰਟਰਵਿਊ ਦਿੰਦਿਆਂ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇੱਕ ਵਾਰ ਫਿਰ 1996 ਵਾਂਗ ਹਾਲਾਤ ਬਣ ਰਹੇ ਹਨ। ਜਿਸ ਤਰ੍ਹਾਂ ਉਸ ਵੇਲੇ ਧਾਰਮਿਕ ਸਾਂਝ ਅਤੇ ਅਮਨ ਲਈ ਗਠਜੋੜ ਕੀਤਾ ਗਿਆ ਸੀ, ਅੱਜ ਵੀ ਓਹੀ ਲੋੜ ਹੈ ਕਿ ਦੋਵਾਂ ਪਾਰਟੀਆਂ ਮੁੜ ਇੱਕਠੀਆਂ ਹੋਣ।
ਜਾਖੜ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ’ਚ ਸਿਰਫ਼ ਚੋਣਾਂ ਨਹੀਂ, ਸਗੋਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੀਦਾ ਹੈ। ਪੰਜਾਬ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ, ਇੱਥੇ ਦੇ ਲੋਕ ਆਪਣੀ ਇੱਜ਼ਤ ਅਤੇ ਸੱਭਿਆਚਾਰ ਨੂੰ ਬਹੁਤ ਮਹੱਤਵ ਦਿੰਦੇ ਹਨ। ਇੱਥੇ 'ਪੱਗ' ਤੇ 'ਦਸਤਾਰ' ਸਿਰਫ਼ ਪਹਿਰਾਵਾ ਨਹੀਂ, ਸਗੋਂ ਆਤਮ-ਗੌਰਵ ਦਾ ਪ੍ਰਤੀਕ ਹਨ।
ਸੁਨੀਲ ਜਾਖੜ ਨੇ ਆਰੋਪ ਲਾਇਆ ਕਿ ਚੰਡੀਗੜ੍ਹ ਅਤੇ ਕੇਂਦਰ ਨਾਲ ਜੁੜੇ ਕੁਝ ਪ੍ਰਸ਼ਾਸਕੀ ਫ਼ੈਸਲਿਆਂ ਵਿੱਚ "ਗੰਭੀਰ ਅਤੇ ਸਥਾਈ ਵਿਵਸਥਾ" ਅਰਥਾਤ ਨੌਕਰਸ਼ਾਹੀ ਦੀ ਦਖਲਅੰਦਾਜ਼ੀ ਹੈ, ਜਿਸ ਕਰਕੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ ਪੰਜਾਬ-ਹਰਿਆਣਾ ਦੇ ਅਧਿਕਾਰੀਆਂ ਦੇ 60:40 ਅਨੁਪਾਤ ਨਾਲ ਛੇੜਛਾੜ, ਯੂ.ਟੀ. ਸਲਾਹਕਾਰ ਦੀ ਥਾਂ ਮੁੱਖ ਸਕੱਤਰ ਦੀ ਨਿਯੁਕਤੀ ਅਤੇ ਬੀ.ਬੀ.ਐਮ.ਬੀ. ਦੇ ਅਹੁਦਿਆਂ ਨੂੰ ਪੰਜਾਬ ਨੂੰ ਦੇਣ ਦੀ ਬਜਾਏ ਹੋਰਾਂ ਨੂੰ ਦੇਣਾ—ਇਨ੍ਹਾਂ ਸਾਰੀਆਂ ਗੱਲਾਂ ਕਰਕੇ ਰਾਜ ਦੇ ਲੋਕਾਂ ਵਿੱਚ ਅਸੰਤੋਖ ਹੈ।
ਉਨ੍ਹਾਂ ਦੱਸਿਆ ਕਿ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 6.6% ਵੋਟਾਂ ਮਿਲੀਆਂ ਸਨ, ਜੋ 2024 ਦੀ ਲੋਕ ਸਭਾ ਚੋਣ ਵਿੱਚ ਵੱਧ ਕੇ 18.56% ਹੋ ਗਈਆਂ। ਉਨ੍ਹਾਂ ਕਾਂਗਰਸ 'ਤੇ ਆਰੋਪ ਲਾਇਆ ਕਿ ਇਹ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਦੀ ਹੈ ਅਤੇ ਹੁਣ ਇਹੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ।
ਜਾਖੜ ਨੇ ਕਿਹਾ ਕਿ 2021 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ, ਤਾਂ ਕਾਂਗਰਸ ਨੇ ਸਿਰਫ ਇਸ ਗੱਲ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਧਰਮ ਦੀ ਨਜ਼ਰ ਨਾਲ ਦੇਖਣਾ ਗਲਤ ਹੈ। ਪੰਜਾਬੀਅਤ ਦਾ ਅਰਥ ਹੀ ਧਰਮਨਿਰਪੱਖਤਾ ਹੈ, ਜਿਸ ਨੂੰ ਕਾਂਗਰਸ ਸਮਝਣ ਵਿੱਚ ਅਸਫਲ ਰਹੀ। ਉਨ੍ਹਾਂ ਕਾਂਗਰਸ ਨੂੰ ਪੰਜਾਬ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ।
"ਪੰਜਾਬ ਨੂੰ ਇੱਜ਼ਤ ਚਾਹੀਦੀ ਹੈ, ਮੁਆਵਜ਼ਾ ਨਹੀਂ"
ਜਾਖੜ ਨੇ ਕਿਹਾ ਕਿ ਅੱਜ ਪੰਜਾਬ ਨੂੰ ਕੇਂਦਰ ਸਰਕਾਰ ਦੇ ਸਹਿਯੋਗ ਦੀ ਲੋੜ ਹੈ, ਪਰ ਇਹ ਸਹਾਇਤਾ ਇੱਜ਼ਤ ਅਤੇ ਅਪਣਾਇਤ ਵਾਲੇ ਭਾਵ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿੱਖ ਪਰੰਪਰਾ ਦੇ ਮੁੱਖ ਸਿਧਾਂਤਾਂ– ਸੇਵਾ, ਇੱਜ਼ਤ ਅਤੇ ਇਮਾਨਦਾਰੀ– ਦੇ ਆਧਾਰ 'ਤੇ ਪੰਜਾਬ ਨਾਲ ਮੁੜ ਰਿਸ਼ਤਾ ਬਣਾਉਣਾ ਪਵੇਗਾ। ਪੰਜਾਬ ਨੂੰ ਇੱਜ਼ਤ ਤੇ ਪਛਾਣ ਚਾਹੀਦੀ ਹੈ, ਨਾ ਕਿ ਸਿਰਫ਼ ਮੁਆਵਜ਼ਾ ਜਾਂ ਰਾਜਨੀਤਿਕ ਫਾਇਦੇ।






















