ਚੋਣਾਂ ਹਾਰਨ ਮਗਰੋਂ ਵੀ ਸਰਕਾਰੀ ਘਰ ਨਹੀਂ ਛੱਡ ਰਹੇ ਅਕਾਲੀ ਦਲ ਤੇ ਕਾਂਗਰਸ ਦੇ ਸਾਬਕਾ ਵਿਧਾਇਕ, ਬਾਦਲ ਤੇ ਮਜੀਠੀਆ ਦਾ ਵੀ ਸੂਚੀ 'ਚ ਨਾਂ
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਵੀ ਸਾਬਕਾ ਵਿਧਾਇਕ ਸਰਕਾਰੀ ਘਰ ਛੱਡਣ ਲਈ ਤਿਆਰ ਨਹੀਂ। ਨਵੀਂ ਸਰਕਾਰ ਇਸ ਤੋਂ ਕਾਫੀ ਪ੍ਰੇਸ਼ਾਨ ਹੈ। ਕਈ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨੇ ਆਪ ਹੀ ਘਰ ਖਾਲੀ ਕਰ ਦਿੱਤੇ ਹਨ
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਵੀ ਸਾਬਕਾ ਵਿਧਾਇਕ ਸਰਕਾਰੀ ਘਰ ਛੱਡਣ ਲਈ ਤਿਆਰ ਨਹੀਂ। ਨਵੀਂ ਸਰਕਾਰ ਇਸ ਤੋਂ ਕਾਫੀ ਪ੍ਰੇਸ਼ਾਨ ਹੈ। ਕਈ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨੇ ਆਪ ਹੀ ਘਰ ਖਾਲੀ ਕਰ ਦਿੱਤੇ ਹਨ ਪਰ ਕਈ ਅਜੇ ਵੀ ਅੜੇ ਹੋਏ ਹਨ। ਸਰਕਾਰੀ ਸੂਤਰਾਂ ਮੁਤਾਬਕ 18 ਸਾਬਕਾ ਵਿਧਾਇਕਾਂ ਨੇ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ। ਇਨ੍ਹਾਂ ਵਿੱਚ ਪੰਜ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਹਨ। ਉਧਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਜਿਨ੍ਹਾਂ ਸਾਬਕਾ ਵਿਧਾਇਕਾਂ ਦਾ ਸਰਕਾਰੀ ਫਲੈਟਾਂ ’ਤੇ ਹੁਣ ਕੋਈ ਹੱਕ ਨਹੀਂ ਰਿਹਾ, ਉਨ੍ਹਾਂ ਦੀ ਖ਼ੁਦ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫਲੈਟ ਖਾਲੀ ਕਰ ਦੇਣ।
ਦਰਅਸਲ ਇਸ ਵਾਰ ਆਮ ਆਦਮੀ ਪਾਰਟੀ ਨੇ ਸਫਾਇਆ ਕਰਦਿਆਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ ਦੇ ਬਹੁਤੇ ਵਿਧਾਇਕ ਨਵੇਂ ਹਨ। ਇਸ ਲਈ ਸਰਕਾਰੀ ਫਲੈਟਾਂ ਦੀ ਵੰਡ ਵਿੱਚ ਵੱਡਾ ਰੱਦੋ-ਬਦਲ ਹੋਇਆ ਹੈ। ਕਈ-ਕਈ ਸਾਲਾਂ ਤੋਂ ਸਰਕਾਰੀ ਰਿਹਾਇਸਾਂ ਉੱਪਰ ਪੱਕਾ ਕਬਜ਼ਾ ਕਰੀ ਬੈਠੇ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਇਸ ਵਾਰ ਮਕਾਨ ਖਾਲੀ ਕਰਨੇ ਪੈ ਰਹੇ ਹਨ। ਪੰਜਾਬ ਸਰਕਾਰ ਨੇ ਇਸ ਲਈ ਕਈਆਂ ਨੂੰ ਨੋਟਿਸ ਵੀ ਕੱਢੇ ਸੀ ਪਰ ਅਜੇ ਵੀ ਕੁਝ ਸਾਬਕਾ ਵਿਧਾਇਕਾਂ ਨੇ ਘਰ ਖਾਲੀ ਨਹੀਂ ਕੀਤੇ।
ਹਾਸਲ ਜਾਣਕਾਰੀ ਮੁਤਾਬਕ ਡੇਢ ਦਰਜਨ ਸਾਬਕਾ ਵਿਧਾਇਕ ਸਰਕਾਰੀ ਫਲੈਟ ਛੱਡ ਨਹੀਂ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣਾ ਸਰਕਾਰੀ ਫਲੈਟ ਖਾਲੀ ਨਹੀਂ ਕੀਤਾ। ਹਲਕਾ ਲੰਬੀ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਫਲੈਟ ਨੰਬਰ 37 ਅਲਾਟ ਹੋਇਆ ਹੈ ਜਿਸ ਨੂੰ ਸਾਬਕਾ ਮੁੱਖ ਮੰਤਰੀ ਬਾਦਲ ਵੱਲੋਂ ਖਾਲੀ ਨਹੀਂ ਕੀਤਾ ਗਿਆ। ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਫਲੈਟ ਨੰਬਰ 35 ਅਲਾਟ ਹੋ ਚੁੱਕਾ ਹੈ ਪਰ ਇਸ ਫਲੈਟ ਨੂੰ ਹਾਲੇ ਤੱਕ ਬਿਕਰਮ ਸਿੰਘ ਮਜੀਠੀਆ ਵੱਲੋਂ ਖਾਲੀ ਨਹੀਂ ਕੀਤਾ ਗਿਆ।
ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਤੇ ਹਲਕਾ ਧੂਰੀ ਤੋਂ ਵਿਧਾਇਕ ਰਹੇ ਦਲਵੀਰ ਸਿੰਘ ਗੋਲਡੀ ਨੇ ਵੀ ਹਾਲੇ ਤੱਕ ਫਲੈਟ ਖਾਲੀ ਨਹੀਂ ਕੀਤਾ। ਕਈ ਸਾਬਕਾ ਵਿਧਾਇਕਾਂ ਨੇ ਫਲੈਟ ਖਾਲੀ ਤਾਂ ਕਰ ਦਿੱਤੇ ਹਨ ਪਰ ਬਿਜਲੀ-ਪਾਣੀ ਦੇ ਬਕਾਏ ਨਹੀਂ ਤਾਰੇ ਜਿਸ ਕਰਕੇ ਨਵੇਂ ਵਿਧਾਇਕਾਂ ਦੀ ਉਡੀਕ ਲੰਮੀ ਹੋਣ ਲੱਗੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਹਾਲੇ ਤੱਕ ਫਲੈਟਾਂ ਦੇ ਬਿਜਲੀ/ਪਾਣੀ ਦੇ ਬਕਾਏ ਤਾਰੇ ਨਹੀਂ ਹਨ।
ਸੂਤਰਾਂ ਮੁਤਾਬਕ ਜਿਨ੍ਹਾਂ ਹੋਰ ਸਾਬਕਾ ਵਿਧਾਇਕਾਂ ਨੇ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ, ਉਨ੍ਹਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਦਰਸ਼ਨ ਸਿੰਘ ਬਰਾੜ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਦਿਨੇਸ਼ ਸਿੰਘ, ਜੋਗਿੰਦਰਪਾਲ, ਸਤਿਕਾਰ ਕੌਰ, ਗੁਰਪ੍ਰੀਤ ਸਿੰਘ ਜੀਪੀ ਕੁਲਬੀਰ ਸਿੰਘ ਜ਼ੀਰਾ, ਸੁਖਪਾਲ ਸਿੰਘ ਭੁੱਲਰ, ਅੰਗਦ ਸਿੰਘ ਤੇ ਸੁਰਜੀਤ ਸਿੰਘ ਧੀਮਾਨ ਦੇ ਨਾਂ ਸ਼ਾਮਲ ਹਨ।