PUNJAB NEWS : ਪੰਜਾਬ ਸਰਕਾਰ ਨੇ ਮੰਨੀਆਂ ਆੜ੍ਹਤੀਆਂ ਦੀਆਂ ਦੋ ਮੰਗਾਂ, ਕਮਿਸ਼ਨ ਕਟੌਤੀ ਦੇ ਮੁੱਦੇ 'ਤੇ 9 ਸਤੰਬਰ ਨੂੰ ਮੁੜ ਮੀਟਿੰਗ
ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ ਬਿਨ੍ਹਾਂ ਐਮਐਸਪੀ ਵਾਲੀਆਂ ਫ਼ਸਲਾਂ ਜਿਸ ਵਿੱਚ ਬਾਸਮਤੀ ਸ਼ਾਮਲ ਹੈ, ਦੀ ਆਨਲਾਈਨ ਤੇ ਆਫ ਲਾਈਨ ਮੈਪਿੰਗ ਨਹੀਂ ਕਰਵਾਈ ਜਾਵੇਗੀ।
Chandigarh : ਅੱਜ ਮੰਤਰੀ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੀ ਆੜ੍ਹਤੀਆਂ ਨਾਲ ਬੈਠਕ ਹੋਈ ਹੈ। ਇਸ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ ਬਿਨ੍ਹਾਂ ਐਮਐਸਪੀ ਵਾਲੀਆਂ ਫ਼ਸਲਾਂ ਜਿਸ ਵਿੱਚ ਬਾਸਮਤੀ ਸ਼ਾਮਲ ਹੈ, ਦੀ ਆਨਲਾਈਨ ਤੇ ਆਫ ਲਾਈਨ ਮੈਪਿੰਗ ਨਹੀਂ ਕਰਵਾਈ ਜਾਵੇਗੀ। ਆੜ੍ਹਤੀਆਂ ਦੀ ਜਥੇਬੰਦੀ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਮੀਟਿੰਗ ਵਿੱਚ 1509 ਤੇ 1121 ਬਾਸਮਤੀ ਫਸਲਾਂ ਦੀ ਆਨਲਾਈਨ ਤੇ ਆਫ ਲਾਈਨ ਮੈਪਿੰਗ ਨਹੀਂ ਕੀਤੀ ਜਾਵੇਗੀ ਕਿਉਂਕਿ ਦੋਵੇਂ ਹੀ ਬਿਨਾਂ ਐਮਐਸਪੀ ਵਾਲੀਆਂ ਫਸਲਾਂ ਹਨ।
ਇਸ ਦੌਰਾਨ ਦੂਸਰਾ ਫ਼ੈਸਲਾ ਇਹ ਹੋਇਆ ਕਿ ਨਰਮੇ ਦੀ ਫ਼ਸਲ 'ਤੇ ਆੜ੍ਹਤੀਆਂ ਦੀ ਆੜ੍ਹਤ ਜੋ ਢਾਈ ਫ਼ੀਸਦੀ ਤੋਂ ਘਟਾ ਕੇ ਇੱਕ ਫੀਸਦੀ ਕੀਤੀ ਗਈ ਸੀ, ਉਸ ਸਬੰਧੀ 9 ਸਤੰਬਰ ਨੂੰ ਕਿਸਾਨ, ਨਰਮਾ ਉਦਯੋਗ ਦੇ ਲੋਕ, ਆੜਤੀਆਂ ਤੇ ਮੰਤਰੀ ਨਾਲ ਬੈਠਕ ਕੀਤੀ ਜਾਵੇਗੀ। ਆੜਤੀਆਂ ਨੇ ਵਾਅਦਾ ਕੀਤਾ ਹੈ ਕਿ ਬੈਠਕ ਤੱਕ ਕਿਸੇ ਕਿਸਮ ਦਾ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਸਿਰਫ 5 ਸਤੰਬਰ ਨੂੰ ਪਹਿਲਾਂ ਉਲੀਕੀ ਗਈ ਰੈਲੀ ਕੀਤੀ ਜਾਵੇਗੀ।
ਵਿਜੈ ਕਾਲੜਾ ਨੇ ਕਿਹਾ ਕਿ 5 ਸਤੰਬਰ ਨੂੰ ਆੜ੍ਹਤੀਆਂ ਦੀ ਮਾਨਸਾ ਰੈਲੀ ਇਸੇ ਤਰ੍ਹਾਂ ਹੋਵੇਗੀ। ਇਸ ਤੋਂ ਇਲਾਵਾ 9 ਸਤੰਬਰ ਤੱਕ ਦੇ ਸਾਰੇ ਪ੍ਰਦਰਸ਼ਨ ਰੱਦ ਕਰ ਦਿੱਤੇ ਗਏ ਹਨ। 9 ਸਤੰਬਰ ਦੀ ਮੀਟਿੰਗ ਤੋਂ ਬਾਅਦ ਹੀ ਅਗਲਾ ਐਲਾਨ ਕੀਤਾ ਜਾਵੇਗਾ।