Akali Dal: ਸ਼੍ਰੋਮਣੀ ਅਕਾਲੀ ਦਲ ਤੋਂ ਹਟੇਗਾ ਬਾਦਲਾਂ ਦਾ ਸਾਇਆ! ਪਾਰਟੀ ਦਾ ਬਦਲੇਗਾ ਨਾਂ?
Akali Dal Membership Drive: ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਰੂਹ ਫੂਕਣ ਦੀ ਤਿਆਰੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵੀ ਬਦਲਣ ਦੀ ਤਿਆਰੀ ਹੈ। ਸ਼੍ਰੋਮਣੀ ਅਕਾਲੀ

Akali Dal Membership Drive: ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਰੂਹ ਫੂਕਣ ਦੀ ਤਿਆਰੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵੀ ਬਦਲਣ ਦੀ ਤਿਆਰੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਸਮੇਂ ਕਿਸੇ ਵੀ ਕਾਨੂੰਨੀ ਅੜਿੱਕੇ ਤੋਂ ਬਚਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਨਿਗਰਾਨ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਅੱਗੇ ਕੋਈ ਵਾਧੂ ਸ਼ਬਦ ਜੋੜਿਆ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਪੰਜ ਮੈਂਬਰੀ ਕਮੇਟੀ ਵੱਲੋਂ ਇਸ ਮੁੱਦੇ ’ਤੇ ਕਾਨੂੰਨੀ ਮਾਹਿਰਾਂ ਤੇ ਹੋਰਨਾਂ ਨਾਲ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ 18 ਮਾਰਚ ਨੂੰ ਭਰਤੀ ਸ਼ੁਰੂ ਕਰਨ ਸਮੇਂ ਕੋਈ ਕਾਨੂੰਨੀ ਅੜਿੱਕਾ ਪੇਸ਼ ਨਾ ਆਵੇ। ਇਸ ਸਬੰਧ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਰਾਏ ਦਿੱਤੀ ਗਈ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਅੱਗੇ ਕੋਈ ਹੋਰ ਇੱਕ ਸ਼ਬਦ ਜੋੜ ਲਵੇ ਤਾਂ ਜੋ ਅਜਿਹੇ ਕਾਨੂੰਨੀ ਅੜਿੱਕੇ ਤੋਂ ਬਚਿਆ ਜਾ ਸਕੇ। ਕਮੇਟੀ ਵੱਲੋਂ 18 ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਨੇ ਕਾਨੂੰਨੀ ਅੜਿੱਕੇ ਦਾ ਹਵਾਲਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਥਾਂ ਖੁਦ ਹੀ ਕਮੇਟੀ ਬਣਾ ਕੇ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਹੁਣ ਪੰਜ ਮੈਂਬਰੀ ਕਮੇਟੀ ਇਸੇ ਕਾਨੂੰਨੀ ਅੜਿੱਕੇ ਦਾ ਹਵਾਲਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਅੱਗੇ ਕੋਈ ਵਾਧੂ ਸ਼ਬਦ ਜੋੜਨ ਦੀ ਤਿਆਰੀ ਕਰ ਰਹੀ ਹੈ। ਇਸ ਤਰ੍ਹਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਜਾ ਸਕਦੇ ਹਨ। ਇੱਕ ਤਾਂ ਭਰਤੀ ਮੁਹਿੰਮ ਵਿੱਚ ਕੋਈ ਕਾਨੂੰਨੀ ਅੜਿੱਕਾ ਨਹੀਂ ਰਹੇਗਾ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਪਰਛਾਵਾਂ ਲਹਿ ਜਾਏਗਾ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਸੰਗਠਨ ਨੂੰ ਪੁਨਰਗਠਿਤ ਕਰਨ ਦੇ ਉਦੇਸ਼ ਨਾਲ ਬਣਾਈ ਗਈ ਭਰਤੀ ਕਮੇਟੀ ਲੰਘੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਤੇ ਅਰਦਾਸ ਕੀਤੀ। ਪੰਜ ਐਕਟਿਵ ਮੈਂਬਰਾਂ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾਂ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ। ਭਰਤੀ ਕਮੇਟੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ 18 ਮਾਰਚ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ੁਰੂ ਹੋਵੇਗੀ। ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਲਈ, ਸਿੱਖ ਸੰਗਤ ਤੇ ਅਕਾਲੀ ਵਿਚਾਰਧਾਰਾ ਨਾਲ ਜੁੜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਪੰਜਾਬ ਦੇ ਲੋਕਾਂ ਤੋਂ ਸਹਿਯੋਗ ਮੰਗਿਆ ਜਾਵੇਗਾ।
ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਭਰਤੀ ਮੁਹਿੰਮ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਹੇਗੀ ਸਗੋਂ ਦੇਸ਼ ਦੀ ਰਾਜਧਾਨੀ ਸਮੇਤ ਹੋਰ ਰਾਜਾਂ ਵਿੱਚ ਵੀ ਵੱਡੇ ਪੱਧਰ 'ਤੇ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਕਮੇਟੀ ਇਸ ਸਬੰਧ ਵਿੱਚ ਇੱਕ ਵਿਸਤ੍ਰਿਤ ਪ੍ਰੋਗਰਾਮ ਦਾ ਐਲਾਨ ਕਰੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵਿੱਚ ਹਿੱਸਾ ਲੈ ਸਕਣ।
ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹਾਲ ਹੀ ਵਿੱਚ ਸੱਤ ਵਿੱਚੋਂ ਬਾਕੀ ਬਚੇ 5 ਮੈਂਬਰਾਂ ਨੂੰ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਹਿਲਾਂ ਇਸ ਪੈਨਲ ਵਿੱਚ 7 ਮੈਂਬਰ ਸਨ। ਇਸ ਪੈਨਲ ਦੇ ਦੋ ਮੈਂਬਰ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਆਗੂ ਕਿਰਪਾਲ ਸਿੰਘ ਬਡੂੰਗਰ ਨੇ ਅਸਤੀਫਾ ਦੇ ਦਿੱਤਾ ਸੀ ਪਰ ਉਨ੍ਹਾਂ ਦੇ ਅਸਤੀਫ਼ੇ ਅਜੇ ਤੱਕ ਸਵੀਕਾਰ ਨਹੀਂ ਕੀਤੇ ਗਏ।






















