(Source: ECI/ABP News/ABP Majha)
Punjab News: ਅਮਰੀਕਾ ਲਈ ਘਰੋਂ ਤੁਰੇ ਦੋ ਪੰਜਾਬੀ ਗੱਭਰੂ ਇੰਡੋਨੇਸ਼ੀਆ ’ਚ ਫਸੇ, ਜਾਣੋ ਕੀ ਹੈ ਪੂਰਾ ਮਾਮਲਾ
Punjab News: ਤਹਿਸੀਲ ਅਜਨਾਲਾ ਦੇ ਕਸਬਾ ਗੱਗੋਮਾਹਲ ਦੇ ਰਹਿਣ ਵਾਲੇ ਸਾਹਿਬ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਗੁਰਮੇਜ ਸਿੰਘ ਅਤੇ ਭਣੇਵੇਂ ਅਜੇਪਾਲ ਸਿੰਘ ਨੂੰ ਅਮਰੀਕਾ ਪਹੁੰਚਾਉਣ ਲਈ ਏਜੰਟ ਨੇ ਉਨ੍ਹਾਂ ਕੋਲ...
Punjab News: ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਸੁਫਨੇ ਦੇਖਦੇ ਨੇ। ਪਰ ਜਦੋਂ ਇਹ ਗੱਭਰੂ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਨੇ ਤਾਂ ਇਹ ਸ਼ਾਤਿਰ ਏਜੰਟ ਇਨ੍ਹਾਂ ਮਾਸੂਮ ਨੌਜਵਾਨਾਂ ਨੂੰ ਨਰਕ ਦੇ ਦਰਸ਼ਨ ਕਰਵਾ ਦਿੰਦੇ ਨੇ। ਕਈ ਨੌਜਵਾਨਾਂ ਵਿਦੇਸ਼ ਦੇ ਸੁਫਨੇ ਕਰਕੇ ਆਪਣੀ ਜਾਨ ਵੀ ਗੁਆ ਚੁੱਕੇ ਹਨ। ਪਰ ਇਹ ਸਭ ਕੁਝ ਦੇਖਦੇ ਹੋਏ ਅਜੇ ਵੀ ਨੌਜਵਾਨ ਬਾਹਰ ਜਾਣ ਤੋਂ ਨਹੀਂ ਰੁਕ ਰਹੇ ਹਨ। ਹੁਣ ਇੱਕ ਹੋਰ ਨਵਾਂ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ।
ਤਹਿਸੀਲ ਅਜਨਾਲਾ ਦੇ ਕਸਬਾ ਗੱਗੋਮਾਹਲ ਦੇ ਰਹਿਣ ਵਾਲੇ ਸਾਹਿਬ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਗੁਰਮੇਜ ਸਿੰਘ ਅਤੇ ਭਣੇਵੇਂ ਅਜੇਪਾਲ ਸਿੰਘ ਨੂੰ ਅਮਰੀਕਾ ਪਹੁੰਚਾਉਣ ਲਈ ਏਜੰਟ ਨੇ ਉਨ੍ਹਾਂ ਕੋਲੋਂ 35-35 ਲੱਖ ਰੁਪਏ ਦੀ ਗੱਲ ਕੀਤੀ ਸੀ। ਉਨ੍ਹਾਂ ਨਾਲ ਪੈਸੇ ਉੱਥੇ ਪਹੁੰਚ ਕੇ ਦੇਣ ਦੀ ਗੱਲ ਹੋਈ ਸੀ, ਪਰ ਜਦੋਂ 5 ਮਈ ਨੂੰ ਇਹ ਦੋਵੇਂ ਮੁੰਡੇ ਘਰੋਂ ਜਾਣ ਲੱਗੇ ਤਾਂ ਏਜੰਟ ਨੇ ਕਿਹਾ ਕਿ ਇਨ੍ਹਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਅਮਰੀਕਨ ਡਾਲਰ ਦੇ ਕੇ ਭੇਜਣਾ। ਇਹ ਡਾਲਰ ਇੰਡੀਆ ਦੇ ਕਰੀਬ 8 ਲੱਖ ਰੁਪਏ ਬਣਦਾ ਹਨ। ਜਿਸ ਤੋਂ ਬਾਅਦ 9 ਮਈ ਨੂੰ ਦਿੱਲੀ ਏਅਰਪੋਰਟ ਤੋਂ ਇਹ ਨੌਜਵਾਨ ਜਹਾਜ਼ ਚੜ੍ਹੇ ਪਰ ਇੰਡੋਨੇਸ਼ੀਆ ਉੱਤੇ ਇਨ੍ਹਾਂ ਮੁੰਡਿਆਂ ਨੂੰ ਉਤਾਰ ਦਿੱਤਾ ਗਿਆ। ਜਿਥੇ ਇੱਕ ਵਿਅਕਤੀ ਆਇਆ ਜੋ ਉਨ੍ਹਾਂ ਨੂੰ ਨਾਲ ਆਪਣੇ ਇਕ ਘਰ 'ਚ ਲੈ ਗਿਆ, ਜਿੱਥੇ ਕਿ ਤਿੰਨ ਵਿਅਕਤੀ ਹੋਰ ਮੌਜੂਦ ਸਨ। ਇਸ ਤੋਂ ਬਾਅਦ 13 ਮਈ ਨੂੰ ਅਜੇਪਾਲ ਸਿੰਘ ਨੇ ਆਪਣੇ ਭਰਾ ਅਕਾਸ਼ਦੀਪ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਜਿਸ ਘਰ ਵਿਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉਸ ਘਰ ਵਿਚ ਉਨ੍ਹਾਂ ਵਿਅਕਤੀਆਂ ਵਲੋਂ ਦੋਵਾਂ ਦੀ ਬਹੁਤ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਨੇ ਭੁੱਖੇ ਪਿਆਸੇ ਰੱਖ ਹੈ ਅਤੇ ਉਨ੍ਹਾਂ ਕੋਲ ਪੰਜ-ਪੰਜ ਹਜ਼ਾਰ ਡਾਲਰ ਵੀ ਖੋਹ ਲੈ ਗਏ ਹਨ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਕਰਕੇ ਇਹ ਪੰਜਾਬੀ ਮੁੰਡੇ ਬਹੁਤ ਹੀ ਡਰ ਗਏ।
ਅਜੇਪਾਲ ਨੇ ਦੱਸਿਆ ਕਿ ਹੁਣ ਉਥੋਂ ਭੱਜ ਕੇ ਆਪਣੀ ਜਾਨ ਬਚਾ ਕੇ ਇੰਡੋਨੇਸ਼ੀਆ ਦੇ ਬਾਲੀ ਏਅਰਪੋਰਟ ’ਤੇ ਪਹੁੰਚੇ ਹਨ ਤੇ ਉਨ੍ਹਾਂ ਕੋਲ ਕੋਈ ਪੈਸਾ ਵੀ ਨਹੀਂ ਹੈ। ਅਜੇਪਾਲ ਨੇ ਅੱਗੇ ਕਿਹਾ ਕਿ ਸਾਡੀ ਜਲਦ ਤੋਂ ਜਲਦ ਵਾਪਸੀ ਦੀ ਟਿਕਟ ਕਰਵਾ ਦਿਓ, ਜਿਸ ਤੋਂ ਬਾਅਦ ਅਕਾਸ਼ਦੀਪ ਸਿੰਘ ਵੱਲੋਂ ਉਨ੍ਹਾਂ ਦੀ ਵਾਪਸੀ ਦੀ ਟਿਕਟ ਕਰਵਾ ਦਿੱਤੀ ਗਈ, ਪਰ ਉਹ ਵਾਪਸ ਇੰਡੀਆ ਨਹੀਂ ਪਹੁੰਚੇ। ਮੁੰਡਿਆਂ ਬਾਰੇ ਪਤਾ ਕਰਨ ’ਤੇ ਪਤਾ ਲੱਗਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਆਪਣੇ ਘਰ ਰੱਖਿਆ ਸੀ, ਉਨ੍ਹਾਂ ਦੀ ਸ਼ਰਾਬੀ ਹਾਲਤ ਵਿਚ ਹੋਈ ਆਪਸੀ ਲੜਾਈ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਲੜਾਈ ਵਿਚ ਸਨੀ ਕੁਮਾਰ ਵਾਸੀ ਹੁਸ਼ਿਆਰਪੁਰ ਜ਼ਖਮੀ ਹੋਇਆ ਹੈ, ਜਿਸ ਨੇ ਉਸ ਵਿਅਕਤੀ ਦੀ ਮੌਤ ਦੇ ਕੇਸ ਵਿਚ ਸਾਡੇ ਦੋਹਾਂ ਮੁੰਡਿਆਂ ਨੂੰ ਝੂਠਾ ਫਸਾ ਦਿੱਤਾ ਹੈ, ਜਦੋਂ ਕਿ ਸਨੀ ਕੁਮਾਰ ਬਾਰੇ ਪਤਾ ਲੱਗਿਆ ਹੈ ਕਿ ਉਹ ਬਹੁਤ ਵੱਡਾ ਫਰਾਡ ਹੈ ਤੇ ਉਸ ਉੱਪਰ ਪਹਿਲਾਂ ਤੋਂ ਕਈ ਮਾਮਲੇ ਦਰਜ ਹਨ, ਜਿਸ ਨੇ ਸਾਡੇ ਮੁੰਡਿਆਂ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓ ਮੁਤਾਬਕ ਇਨ੍ਹਾਂ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ।