ਅੰਤਰ-ਰਾਜੀ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼, ਵਾਹਨ ਚੋਰੀ ਕਰ ਪੁਰਜੇ ਦਿੰਦੇ ਸੀ ਵੇਚ
ਖੰਨਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਮੁਲਜ਼ਮਾਂ ਨੂੰ ਚੋਰੀ ਦੀਆਂ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਹੈ।

ਚੰਡੀਗੜ੍ਹ: ਖੰਨਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਮੁਲਜ਼ਮਾਂ ਨੂੰ ਚੋਰੀ ਦੀਆਂ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਹਿੰਦਰਾ ਬੋਲੈਰੋ ਪਿਕ ਅੱਪ ਅਤੇ ਹੋਰ ਵਾਹਨਾਂ ਨੂੰ ਪੰਜਾਬ ਅਤੇ ਹਰਿਆਣਾ ਤੋਂ ਚੋਰੀ ਕਰਕੇ ਉਨਾਂ ਦਾ ਸਮਾਨ ਅੱਗੇ ਮਾਰਕਿਟ ਵਿੱਚ ਵੇਚਦੇ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਖੰਨਾ ਪੁਲਿਸ ਦੀ ਟੀਮ ਨੇ ਪਿੰਡ ਚੋਮੋਂ, ਥਾਣਾ ਮਲੌਦ, ਜ਼ਿਲ੍ਹਾ ਲੁਧਿਆਣਾ ਨੇੜੇ ਚੋਰੀ ਹੋਈਆਂ ਗੱਡੀਆਂ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ।
ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਅਮਰੀਕ ਰਾਮ ਅਤੇ ਵਿੱਕੀ ਰਾਮ ਇਨਾਂ ਚੋਰੀ ਕੀਤੇ ਵਾਹਨਾਂ ਨੂੰ ਮਲੌਦ ਵਿਖੇ ਇੱਕ ਕਬਾੜੀ ਦੇ ਗੋਦਾਮ ਵਿੱਚ ਤੋੜ ਕੇ ਇੰਨਾਂ ਦੇ ਪੁਰਜ਼ੇ ਵੇਚ ਰਹੇ ਸੀ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਸਾਥੀ ਅਮਰੀਕ ਰਾਮ, ਵਿੱਕੀ ਰਾਮ ਅਤੇ ਦੀਪਕ ਸਮੇਤ ਅੰਬਾਲਾ ਇਲਾਕੇ ਵਿੱਚੋਂ ਇਹ ਵਾਹਨ ਚੋਰੀ ਕੀਤੇ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਅੰਬਾਲਾ, ਹਿਸਾਰ, ਪਟਿਆਲਾ, ਸੰਗਰੂਰ, ਧੂਰੀ ਤੋਂ ਕਈ ਵਾਹਨ ਚੋਰੀ ਕੀਤੇ ਸੀ।
ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਉਹ ਚੋਰੀ ਕੀਤੀਆਂ ਗੱਡੀਆਂ ਦੇ ਸਪੇਅਰ ਪਾਰਟਸ ਦੋਸ਼ੀ ਅਮਰੀਕ ਰਾਮ ਨੂੰ 50-60 ਹਜ਼ਾਰ ਰੁਪਏ ਵਿਚ ਵੇਚਦੇ ਸੀ।
ਪੁਲਿਸ ਮੁੱਖੀ ਨੇ ਦੱਸਿਆ ਕਿ ਇਸ ਪੁੱਛ-ਗਿੱਛ ਕਾਰਨ ਦੋਸ਼ੀ ਅਮਰੀਕ ਰਾਮ ਦੇ ਗੋਦਾਮ ਨੂੰ ਸੀਲ ਕੀਤਾ ਗਿਆ ਹੈ ਜਿਥੇ ਇਹ ਮੁਲਜ਼ਮ ਚੋਰੀ ਕੀਤੇ ਵਾਹਨ, ਸਪੇਅਰ ਪਾਰਟਸ ਸਟੋਰ ਕਰਦੇ ਸੀ।ਮੁਲਜ਼ਮਾਂ ਖਿਲਾਫ IPC ਦੀ ਧਾਰਾ 379/411/201 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।





















