ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਪੰਜਾਬ ਪੁਲਿਸ ਹੱਥ ਲੱਗੇ ਅਹਿਮ ਸੁਰਾਗ, ਸੀਕਰ 'ਚ ਰਚੀ ਗਈ ਸੀ ਸਾਜ਼ਿਸ਼, ਇੰਝ ਦਿੱਤਾ ਅੰਜਾਮ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਾਜਸਥਾਨ ਦੇ ਸੀਕਰ 'ਚ ਰਚੀ ਗਈ ਸੀ, ਜਿਸ ਤੋਂ ਬਾਅਦ 7 ਦਿਨਾਂ ਤੱਕ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਗਈ ਸੀ।
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਾਜਸਥਾਨ ਦੇ ਸੀਕਰ 'ਚ ਰਚੀ ਗਈ ਸੀ, ਜਿਸ ਤੋਂ ਬਾਅਦ 7 ਦਿਨਾਂ ਤੱਕ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਗਈ ਸੀ। ਕਤਲ ਨੂੰ ਅੰਜਾਮ ਦੇਣ ਲਈ ਪੰਜਾਬ ਦੇ ਤਲਵੰਡੀ ਸਾਬੋ ਤੇ ਰਾਜਸਥਾਨ ਦੇ ਸੀਕਰ ਦੀਆਂ ਕਾਰਾਂ ਦੀ ਵਰਤੋਂ ਕੀਤੀ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਸੱਤ ਦਿਨ ਪਹਿਲਾਂ ਕਿਸੇ ਨੇ ਹਮਲਾਵਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਬੋਲੈਰੋ ਕਾਰ ਦਾ ਪ੍ਰਬੰਧ ਬਿਸ਼ਨੋਈ ਗੈਂਗ ਦੇ ਗੁੰਡਿਆਂ ਨੇ ਰਾਜਸਥਾਨ 'ਚ ਕੀਤਾ ਸੀ, ਜਦੋਂਕਿ ਕੋਰੋਲਾ ਕਾਰ ਦਾ ਪ੍ਰਬੰਧ ਗ੍ਰਿਫ਼ਤਾਰ ਮਨਪ੍ਰੀਤ ਸਿੰਘ ਭਾਊ ਵੱਲੋਂ ਕੀਤਾ ਗਿਆ ਸੀ। ਜਵਾਹਰਕੇ ਪਿੰਡ, ਜਿੱਥੇ ਕਤਲ ਨੂੰ ਅੰਜ਼ਾਮ ਦਿੱਤਾ ਗਿਆ ਸੀ, ਉਥੇ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਬੋਨਟ 'ਤੇ ਚੜ੍ਹ ਕੇ ਗੋਲੀਬਾਰੀ ਕੀਤੀ ਸੀ। ਹਮਲਾਵਰ ਦੋਵੇਂ ਵਾਹਨਾਂ ਨੂੰ ਛੱਡ ਕੇ ਵੱਖ-ਵੱਖ ਰਸਤਿਆਂ ਰਾਹੀਂ ਫਰਾਰ ਹੋਏ ਸੀ।
ਐਸਆਈਟੀ ਵਿੱਚ ਜੋੜੇ ਦੋ ਨਵੇਂ ਮੈਂਬਰ
ਉਧਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਨੂੰ ਤੇਜ਼ ਕਰਨ ਲਈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵੀਕੇ ਭਾਵਰਾ ਨੇ ਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ ਹੈ। ਹੁਣ ਛੇ ਮੈਂਬਰੀ ਐਸਆਈਟੀ ਨਵੇਂ ਚੇਅਰਮੈਨ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਪੀਏਪੀ ਜਸਕਰਨ ਸਿੰਘ ਤੇ ਦੋ ਨਵੇਂ ਮੈਂਬਰਾਂ ਵਿੱਚ ਏਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਤੇ ਐਸਐਸਪੀ ਮਾਨਸਾ ਗੌਰਵ ਤੂਰਾ ਸ਼ਾਮਲ ਹੋਣਗੇ, ਜਦੋਂਕਿ ਐਸਪੀ ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਤੇ ਇੰਚਾਰਜ ਸੀਆਈਏ ਮਾਨਸਾ ਪ੍ਰਿਥਵੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।
ਆਪਣੇ ਨਵੇਂ ਹੁਕਮਾਂ ਵਿੱਚ ਡੀਜੀਪੀ ਨੇ ਕਿਹਾ ਕਿ ਐਸਆਈਟੀ ਰੋਜ਼ਾਨਾ ਅਧਾਰ 'ਤੇ ਜਾਂਚ ਕਰੇਗੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇਗੀ। ਜਾਂਚ ਪੂਰੀ ਹੋਣ 'ਤੇ ਸੀਆਰਪੀਸੀ ਦੀ ਧਾਰਾ 173 ਤਹਿਤ ਪੁਲਿਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ SIT ਲੋੜ ਪੈਣ 'ਤੇ ਕਿਸੇ ਹੋਰ ਪੁਲਿਸ ਅਧਿਕਾਰੀ ਦੀ ਚੋਣ ਕਰ ਸਕਦੀ ਹੈ ਅਤੇ ਡੀਜੀਪੀ ਦੀ ਪ੍ਰਵਾਨਗੀ ਨਾਲ ਕਿਸੇ ਮਾਹਰ ਅਤੇ ਅਧਿਕਾਰੀ ਦੀ ਮਦਦ ਲੈ ਸਕਦੀ ਹੈ।