Operation Eagle: ਐਕਸ਼ਨ ਮੋਡ ਵਿੱਚ ਪੰਜਾਬ ਪੁਲਿਸ, ਨਕਦੀ, ਹਥਿਆਰ,ਨਸ਼ੇ ਬਰਾਮਦ, 110 ਰੇਲਵੇ ਸਟੇਸ਼ਨਾਂ, 153 ਬੱਸ ਸਟੈਂਡਾਂ ‘ਤੇ ਕੀਤੀ ਚੈਕਿੰਗ
ਆਪ੍ਰੇਸ਼ਨ ਈਗਲ ਤਹਿਤ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ 6 ਲੱਖ ਰੁਪਏ ਦੀ ਨਕਦੀ, ਇੱਕ ਹਥਿਆਰ, 277.45 ਗ੍ਰਾਮ ਹੈਰੋਇਨ, 4880 ਨਸ਼ੀਲੀਆਂ ਗੋਲੀਆਂ, 41 ਬੋਤਲਾਂ ਸ਼ਰਾਬ, 2.75 ਕਿਲੋ ਅਫੀਮ ਅਤੇ 77.50 ਕਿਲੋ ਭੁੱਕੀ ਵੀ ਬਰਾਮਦ ਕੀਤੀ ਗਈ ਹੈ।
Punjab Police: ਪੰਜਾਬ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਸੂਬੇ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਆਦਿ ਸਮੇਤ ਸੰਵੇਦਨਸ਼ੀਲ ਥਾਵਾਂ ‘ਤੇ ਸ਼ੱਕੀ ਵਿਅਕਤੀਆਂ/ਵਾਹਨਾਂ ਦੀ ਤਲਾਸ਼ੀ ਲੈਣ ਅਤੇ ਉਨਾਂ ਨੂੰ ਕਾਬੂ ਕਰਨ ਲਈ ਚਲਾਏ ਗਏ ਵਿਸ਼ੇਸ਼ ਅਭਿਆਨ ‘ ਆਪ੍ਰੇਸ਼ਨ ਈਗਲ ’ ਦੌਰਾਨ ਘੱਟੋ-ਘੱਟ 20 ਵਿਅਕਤੀਆਂ ਅਤੇ ਇੱਕ ਭਗੌੜੇ ਅਪਰਾਧੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਰਾਜ ਦੇ ਸਾਰੇ 28 ਪੁਲਿਸ ਜ਼ਿਲਿਆਂ ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਗਈ।
ਇਸ ਸਬੰਧੀ ਹੋਰ ਖੁਲਾਸਾ ਕਰਦੇ ਹੋਏ, ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ, ਪੁਲਿਸ ਟੀਮਾਂ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ 22 ਐਫ.ਆਈ.ਆਰਜ਼. ਦਰਜ ਕੀਤੀਆਂ ਹਨ।
On directions of @DGPPunjabPolice Gaurav Yadav, special operation "OPS Eagle" conducted by @PunjabPoliceInd for searching & rounding-up of suspicious persons, at vulnerable places including Railway Stations & Bus Stands etc has led to arrest of 20 persons & a proclaimed offender.
— Government of Punjab (@PunjabGovtIndia) December 24, 2022
ਉਨਾਂ ਦੱਸਿਆ ਕਿ ਆਪ੍ਰੇਸ਼ਨ ਈਗਲ ਤਹਿਤ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ 6 ਲੱਖ ਰੁਪਏ ਦੀ ਨਕਦੀ, ਇੱਕ ਹਥਿਆਰ, 277.45 ਗ੍ਰਾਮ ਹੈਰੋਇਨ, 4880 ਨਸ਼ੀਲੀਆਂ ਗੋਲੀਆਂ, 41 ਬੋਤਲਾਂ ਸ਼ਰਾਬ, 2.75 ਕਿਲੋ ਅਫੀਮ ਅਤੇ 77.50 ਕਿਲੋ ਭੁੱਕੀ ਵੀ ਬਰਾਮਦ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਐਸ.ਪੀ ਰੈਂਕ ਦੇ ਅਧਿਕਾਰੀ ਦੀ ਦੇਖ-ਰੇਖ ਹੇਠ ਵੱਖ-ਵੱਖ ਪੁਲਿਸ ਟੀਮਾਂ ਵੱਲੋਂ 110 ਰੇਲਵੇ ਸਟੇਸ਼ਨਾਂ, 153 ਬੱਸ ਅੱਡਿਆਂ ‘ਤੇ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ 5000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਸੁਚੱਜੇ ਤਾਲਮੇਲ ਵਾਲੇ 500 ਤੋਂ ਵੱਧ ਮਜਬੂਤ ਨਾਕੇ ਵੀ ਡਿਪਟੀ ਸੁਪਰਡੈਂਟ ਪੁਲਿਸ ਦੀ ਦੇਖ-ਰੇਖ ਹੇਠ ਲਗਾਏ ਗਏ ਤਾਂ ਜੋ ਆਮ ਲੋਕਾਂ ਲਈ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਉਂਦੇ ਹੋਏ, ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਡੂੰਘਾਈ ਨਾਲ ਤਲਾਸ਼ੀ ਕੀਤੀ ਜਾ ਸਕੇ।
ਆਪਰੇਸ਼ਨ ਦੌਰਾਨ 14,366 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸੇ ਤਰਾਂ ਪੁਲਿਸ ਮੁਲਾਜ਼ਮਾਂ ਨੇ ‘ਨਾਕਿਆਂ’ ‘ਤੇ 13021 ਦੋ-ਪਹੀਆ ਵਾਹਨਾਂ ਅਤੇ 8929 ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਦੇ 1671 ਚਲਾਨ ਕੀਤੇ ਗਏ, ਜਦਕਿ 181 ਵਾਹਨ ਜਬਤ ਕੀਤੇ ਗਏ।
ਇਹ ਆਪ੍ਰੇਸਨ ਸੂਬੇ ਭਰ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਮਕਾਲੀ ਤਰੀਕੇ ਨਾਲ ਚਲਾਇਆ ਗਿਆ ਸੀ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜਿਲੇ ਵਿੱਚ ਨਿੱਜੀ ਤੌਰ ‘ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਸਾਰੇ ਸੀਪੀਜ/ਐਸਐਸਪੀਜ ਨੂੰ ਗਜਟਿਡ ਅਫਸਰਾਂ ਦੀ ਨਿਗਰਾਨੀ ਹੇਠ ਜਿਲਾ/ਸ਼ਹਿਰ ਦੇ ਸੀਲਿੰਗ ਪੁਆਇੰਟਾਂ ‘ਤੇ ਮਜਬੂਤ ‘ਨਾਕੇ’ ਲਗਾਉਣ ਲਈ ਇਸ ਕਾਰਵਾਈ ਲਈ ਵੱਧ ਤੋਂ ਵੱਧ ਅਧਿਕਾਰੀਆਂ ਅਤੇ ਮੈਨਪਾਵਰ ਨੂੰ ਜੁਟਾਉਣ ਲਈ ਕਿਹਾ ਗਿਆ ਸੀ।
ਏਡੀਜੀਪੀ ਅਰਪਿਤ ਸ਼ੁਕਲਾ ਨੇ ਦੁਹਰਾਇਆ ਕਿ ਅਜਿਹੇ ਆਪ੍ਰੇਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸੂਬੇ ਵਿੱਚੋਂ ਨਸਿਆਂ ਅਤੇ ਗੈਂਗਸਟਰਾਂ ਦਾ ਸਫਾਇਆ ਨਹੀਂ ਹੋ ਜਾਂਦਾ