(Source: ECI/ABP News/ABP Majha)
Punjab Roadways Strike: ਕੱਲ੍ਹ ਦਾ ਦਿਨ ਵੀ ਨਾ ਨਿਕਲਿਓ ਘਰੋਂ ਬਾਹਰ, ਹੋਏਗੀ ਖੱਜਲ-ਖੁਆਰੀ, 3000 ਬੱਸਾਂ ਦਾ ਚੱਕਾ ਜਾਮ
ਪੰਜਾਬ ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਠੇਕੇ ’ਤੇ ਕੰਮ ਕਰਦੇ ਡਰਾਈਵਰ ਤੇ ਕੰਡਕਟਰ ਹੜਤਾਲ ’ਤੇ ਚਲੇ ਗਏ ਹਨ। ਇਸ ਕਾਰਨ ਪੂਰੇ ਸੂਬੇ ਵਿੱਚ 3 ਹਜ਼ਾਰ ਬੱਸਾਂ ਦਾ ਚੱਕਾ ਜਾਮ ਹੈ।
Punjab Roadways Strike: ਅੱਜ ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ। ਪੰਜਾਬ ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਠੇਕੇ ’ਤੇ ਕੰਮ ਕਰਦੇ ਡਰਾਈਵਰ ਤੇ ਕੰਡਕਟਰ ਹੜਤਾਲ ’ਤੇ ਚਲੇ ਗਏ ਹਨ। ਇਸ ਕਾਰਨ ਪੂਰੇ ਸੂਬੇ ਵਿੱਚ 3 ਹਜ਼ਾਰ ਬੱਸਾਂ ਦਾ ਚੱਕਾ ਜਾਮ ਹੈ।
ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਵਿਭਾਗ ਦੇ ਐਮਡੀ ਤੇ ਹੋਰ ਅਧਿਕਾਰੀਆਂ ਨਾਲ ਈ ਮੀਟਿੰਗਾਂ ਕੀਤੀਆਂ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਮੁਲਾਜ਼ਮ ਯੂਨੀਅਨ ਨੇ 27 ਤੇ 28 ਜੂਨ ਨੂੰ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਹੈ।
ਇਸ ਤਹਿਤ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਵੱਲੋਂ ਅੱਜ ਤੋਂ ਦੋ ਦਿਨਾਂ (27 ਤੇ 28 ਜੂਨ) ਲਈ ਹੜਤਾਲ ਆਰੰਭ ਕਰ ਦਿੱਤੀ ਗਈ ਹੈ। ਪੰਜਾਬ ਰੋਡਵੇਜ਼, ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ਼ ਨੇ ਦੱਸਿਆ ਕਿ ਇਹ ਹੜਤਾਲ ਦੋ ਦਿਨਾਂ ਲਈ ਕੀਤੀ ਗਈ ਹੈ। ਇਸ ਬਾਰੇ ਬਕਾਇਦਾ ਪਹਿਲਾਂ ਪੰਜਾਬ ਸਰਕਾਰ ਨੂੰ ਦੱਸਿਆ ਗਿਆ ਸੀ ਪਰ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਲਾਗੂ ਨਾ ਕਰਨ ਕਰਕੇ ਹੜਤਾਲ ਕਰਨੀ ਪੈ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਕੱਢਕੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਦਾ ਜਥੇਬੰਦੀ ਵੱਲੋਂ ਹੋਰ ਲਟਕਦੀਆਂ ਮੰਗਾਂ ਸਮੇਤ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਭਲਕੇ 28 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਮੁਕੰਮਲ ਘਿਰਾਓ ਵੀ ਕੀਤਾ ਜਾਵੇਗਾ।
ਇਸ ਹੜਤਾਲ ਨਾਲ ਰਾਜ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਰਾਜ ਦੇ ਬਹੁਤ ਖੇਤਰਾਂ ਵਿੱਚ ਪ੍ਰਾਈਵੇਟ ਬੱਸਾਂ ਦੀ ਬਜਾਏ ਸਰਕਾਰੀ ਬੱਸਾਂ ਹੀ ਸੇਵਾ ਨਿਭਾਉਂਦੀਆਂ ਹਨ। ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਨੂੰ ਹੋ ਰਹੀ ਹੈ, ਜਿਨ੍ਹਾਂ ਨੂੰ ਸਰਕਾਰੀ ਬੱਸਾਂ ਵਿੱਚ ਬਿਲਕੁਲ ਮੁਫ਼ਤ ਸਫ਼ਰ ਦੀ ਸੁਵਿਧਾ ਹੈ।
ਇਸੇ ਦੌਰਾਨ ਹੀ ਪੀਆਰਟੀਸੀ ਡਿਪੂ ਦੇ ਜਨਰਲ ਮੈਨੇਜਰ ਨੇ ਦਾਅਵਾ ਕੀਤਾ ਹੈ ਕਿ ਲੋਕ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਰਪੋਰੇਸ਼ਨ ਵੱਲੋਂ ਬਹੁਤੇ ਰੂਟਾਂ ਉਤੇ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਵਾਰੀਆਂ ਨੂੰ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਬਕਾਇਦਾ ਬਦਲਵੇਂ ਬੰਦੋਬਸਤ ਕੀਤੇ ਗਏ ਹਨ।