ਕਿਸਾਨ ਜਥੇਬੰਦੀਆਂ ਦੇ ਚੋਣ ਮੈਦਾਨ 'ਚ ਕੁੱਦਣ ਨਾਲ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ, ਇਸ ਵਾਰ ਆਉਣਗੇ ਹੈਰਾਨੀਜਨਕ ਨਤੀਜੇ
ਦੱਸ ਦਈਏ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ‘ਸੰਯੁਕਤ ਸਮਾਜ ਮੋਰਚੇ’ ਦੇ ਨਾਂ ਹੇਠ ਨਵੀਂ ਸਿਆਸੀ ਪਾਰਟੀ ਕਾਇਮ ਕਰਕੇ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨ ਦੇ ਐਲਾਨ ਨਾਲ ਸਿਆਸੀ ਪਾਰਟੀਆਂ ਦਾ ਫਿਕਰ ਵਧ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਚੋਣ ਮੈਦਾਨ ਵਿੱਚ ਕੁੱਦਣ ਨਾਲ ਸਿਆਸੀ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਹਿੱਲ ਗਈਆਂ ਹਨ। ਹੁਣ ਸਾਰੀਆਂ ਸਿਆਸੀ ਧਿਰਾਂ ਦੀ ਨਜ਼ਰ ਇਸ ਗੱਲ ਉੱਪਰ ਹੈ ਕਿ ਕਿਸਾਨ ਇਕੱਲੇ ਹੀ ਚੋਣ ਲੜਦੇ ਹਨ ਜਾਂ ਫਿਰ ਕਿਸੇ ਸਿਆਸੀ ਪਾਰਟੀ ਨਾਲ ਗੱਠਜੋੜ ਕਰਨਗੇ।
ਉਂਝ ਕਿਸਾਨ ਜਥੇਬੰਦੀਆਂ ਨੇ ਸੰਕੇਤ ਦਿੱਤਾ ਹੈ ਕਿ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਨਾਲ ਕਿਸੇ ਵੀ ਕੀਮਤ ਉੱਪਰ ਗੱਠਜੋੜ ਨਹੀਂ ਹੋਏਗਾ ਪਰ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਤੇ ਕਿਸਾਨ ਜਥੇਬੰਦੀਆਂ ਮਿਲ ਕੇ ਚੋਣਾਂ ਲੜਦੀਆਂ ਹਨ ਤਾਂ ਨਤੀਜੇ ਹੈਰਾਨ ਕਰਨ ਵਾਲੇ ਆ ਸਕਦੇ ਹਨ।
ਦੱਸ ਦਈਏ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ‘ਸੰਯੁਕਤ ਸਮਾਜ ਮੋਰਚੇ’ ਦੇ ਨਾਂ ਹੇਠ ਨਵੀਂ ਸਿਆਸੀ ਪਾਰਟੀ ਕਾਇਮ ਕਰਕੇ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਕਾਇਮ ਕੀਤੀ ਨਵੀਂ ਸਿਆਸੀ ਧਿਰ ਦਾ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਇਆ ਗਿਆ ਹੈ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਨਹੀਂ ਲੜ ਰਿਹਾ। ਇਸ ਨਾਲ ਕਿਸਾਨ ਜਥੇਬੰਦੀਆਂ ਵੀ ਚੋਣਾਂ ਬਾਰੇ ਵੰਡੀਆਂ ਗਈਆਂ ਹਨ। ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਡਾ. ਦਰਸ਼ਨ ਪਾਲ, ਯੋਗੇਂਦਰ ਯਾਦਵ, ਯੁੱਧਵੀਰ ਸਿੰਘ, ਸ਼ਿਵ ਕੁਮਾਰ ਸ਼ਰਮਾ ‘ਕੱਕਾਜੀ’ ਤੇ ਹਨਨ ਮੌਲਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ ਦੀਆਂ 400 ਤੋਂ ਵੱਧ ਵੱਖ ਵੱਖ ਵਿਚਾਰਧਾਰਾ ਦੀਆਂ ਜਥੇਬੰਦੀਆਂ ਦਾ ਸਿਰਫ ਕਿਸਾਨੀ ਮੁੱਦਿਆਂ ’ਤੇ ਬਣਿਆ ਇੱਕ ਮੰਚ ਹੈ ਤੇ ਇਸ ਵੱਲੋਂ ਨਾ ਤਾਂ ਚੋਣਾਂ ਦੇ ਬਾਈਕਾਟ ਦਾ ਸੱਦਾ ਹੈ ਤੇ ਨਾ ਹੀ ਚੋਣਾਂ ਲੜਨ ਦੀ ਕੋਈ ਸਮਝ ਹੈ।
ਉਨ੍ਹਾਂ ਕਿਹਾ ਕਿ ਇਹ ਲੋਕ ਤਾਕਤ ਨਾਲ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਬਣਿਆ ਹੈ ਅਤੇ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਸੰਘਰਸ਼ ਮੁਲਤਵੀ ਕੀਤਾ ਗਿਆ ਹੈ, ਬਾਕੀ ਰਹਿੰਦੀਆਂ ਮੰਗਾਂ ਲਈ ਸੰਘਰਸ਼ ਬਾਰੇ 15 ਜਨਵਰੀ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਜਾਵੇਗਾ। ਪੰਜਾਬ ਦੀਆਂ 32 ਜਥੇਬੰਦੀਆਂ ਬਾਰੇ ਉਨ੍ਹਾਂ ਕਿਹਾ ਕਿ ਮੰਚ ਵੱਲੋਂ ਚੋਣਾਂ ਵਿੱਚ ਸਾਂਝੇ ਤੌਰ ’ਤੇ ਜਾਣ ਸਬੰਧੀ ਸਹਿਮਤੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਇਹ ਤੈਅ ਹੋ ਚੁੱਕਾ ਹੈ ਕਿ ਚੋਣਾਂ ਅੰਦਰ ਜਾਣ ਵਾਲੇ ਵਿਅਕਤੀ ਜਾਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਜਾਂ 32 ਜਥੇਬੰਦੀਆਂ ਦਾ ਨਾਮ ਨਹੀਂ ਵਰਤਣਗੇ। ਅਜਿਹਾ ਕਰਨ ’ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੁਲਿਸ 'ਤੇ ਇੰਤਰਾਜ਼ਯੋਗ ਬਿਆਨ ਦੇ ਬੁਰੇ ਫਸੇ ਨਵਜੋਤ ਸਿੱਧੂ, ਚੰਡੀਗੜ੍ਹ ਦੇ DSP ਦੀ ਚੁਣੌਤੀ-ਅਸੀਂ ਸੁਰੱਖਿਆ ਨਾ ਦੇਈਏ ਤਾਂ…
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin