(Source: ECI/ABP News/ABP Majha)
Punjab Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਬਾਰਸ਼ ਦਾ ਦੌਰ, ਕੱਲ੍ਹ ਤੋਂ ਹੋਏਗਾ ਜਲਥਲ
ਪੰਜਾਬ ਵਿੱਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਸੂਬੇ ਵਿੱਚ ਕੱਲ੍ਹ 27 ਜੂਨ ਤੋਂ ਬਾਰਸ਼ ਦਾ ਦੌਰ ਸ਼ੁਰੂ ਹੋ ਰਿਹਾ ਹੈ। ਮੌਸਮ ਵਿਭਾਗ 27 ਜੂਨ ਨੂੰ ਕਿਤੇ-ਕਿਤੇ ਛਿੱਟੇ ਪੈਣਗੇ। ਇਸ ਮਗਰੋਂ 28-29 ਜੂਨ ਨੂੰ ਹਲਕੀ ਬਾਰਸ਼ ਹੋਏਗੀ
Punjab Weather Update: ਪੰਜਾਬ ਵਿੱਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਸੂਬੇ ਵਿੱਚ ਕੱਲ੍ਹ 27 ਜੂਨ ਤੋਂ ਬਾਰਸ਼ ਦਾ ਦੌਰ ਸ਼ੁਰੂ ਹੋ ਰਿਹਾ ਹੈ। ਮੌਸਮ ਵਿਭਾਗ 27 ਜੂਨ ਨੂੰ ਕਿਤੇ-ਕਿਤੇ ਛਿੱਟੇ ਪੈਣਗੇ। ਇਸ ਮਗਰੋਂ 28-29 ਜੂਨ ਨੂੰ ਹਲਕੀ ਬਾਰਸ਼ ਹੋਏਗੀ ਤੇ 30 ਜੂਨ ਤੇ 1 ਜੁਲਾਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਹਰਿਆਣਾ 'ਚ ਅੱਜ 27 ਜੂਨ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਏਗੀ। ਇਸ ਮਗਰੋਂ 28-29 ਜੂਨ ਨੂੰ ਸੂਬੇ ਦੀਆਂ ਕਈ ਥਾਵਾਂ 'ਤੇ ਦਰਮਿਆਨੀ ਬਾਰਸ਼ ਤੇ 30 ਜੂਨ ਤੇ 1 ਜੁਲਾਈ ਨੂੰ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ 27 ਤੋਂ 29 ਜੂਨ ਤੱਕ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ।
ਹਰਿਆਣਾ ਵਿੱਚ ਮੌਸਮ ਵਿਭਾਗ ਨੇ ਅੱਜ 8 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਗੁਰੂਗ੍ਰਾਮ, ਮਹਿੰਦਰਗੜ੍ਹ, ਚਰਖੀ ਦਾਦਰੀ, ਭਿਵਾਨੀ, ਰੇਵਾੜੀ, ਝੱਜਰ, ਰੋਹਤਕ, ਹਿਸਾਰ ਸ਼ਾਮਲ ਹਨ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਹੈ। ਅੱਜ ਸਵੇਰੇ ਜੀਂਦ, ਸਫੀਦੋਂ, ਬਰਵਾਲਾ, ਹਾਂਸੀ, ਨਾਰਨੌਂਦ, ਭਿਵਾਨੀ, ਬਵਾਨੀਖੇੜਾ, ਰਾਜੌਂਦ, ਮਹਿਮ, ਲਖਨਮਾਜਰਾ, ਕਲਾਨੌਰ, ਕੋਸਲੀ, ਚਰਖੀ ਦਾਦਰੀ ਤੇ ਝੱਜਰ ਦੇ ਕੁਝ ਸਥਾਨਾਂ 'ਤੇ ਮੀਂਹ ਪਿਆ।
ਉਧਰ, ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਲਗਾਤਾਰ ਦੂਜੇ ਦਿਨ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਸ਼ਾਮਲ ਹਨ। ਸੂਬੇ ਵਿੱਚ ਭਲਕੇ 27 ਜੂਨ ਤੋਂ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਮੌਸਮ ਵਿਭਾਗ ਮੁਤਾਬਕ ਮੀਂਹ ਤੇ ਤੇਜ਼ ਹਵਾਵਾਂ ਕਾਰਨ ਹਰਿਆਣਾ ਦੇ ਔਸਤ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂਕਿ ਪੰਜਾਬ ਦੇ ਔਸਤ ਤਾਪਮਾਨ ਵਿੱਚ 0.7 ਡਿਗਰੀ ਦੀ ਗਿਰਾਵਟ ਆਈ ਹੈ। ਚੰਡੀਗੜ੍ਹ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ। ਇੱਥੇ ਤਾਪਮਾਨ 40 ਡਿਗਰੀ ਦੇ ਆਸਪਾਸ ਹੈ। ਇਸ ਦੇ ਨਾਲ ਹੀ ਹਿਮਾਚਲ ਦੇ ਮੱਧ ਤੇ ਉਪਰਲੇ ਇਲਾਕਿਆਂ 'ਚ ਲਗਾਤਾਰ ਬਾਰਸ਼ ਹੋ ਰਹੀ ਹੈ।
ਮਾਨਸੂਨ ਦਾ ਹਾਲ
ਦੱਖਣ-ਪੱਛਮੀ ਮਾਨਸੂਨ ਉੱਤਰੀ ਅਰਬ ਸਾਗਰ, ਗੁਜਰਾਤ ਰਾਜ ਤੇ ਮੱਧ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਤੇ ਦੱਖਣ-ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧੀ ਹੈ। ਉੱਤਰੀ ਅਰਬ ਸਾਗਰ ਦੇ ਬਾਕੀ ਹਿੱਸਿਆਂ, ਗੁਜਰਾਤ ਰਾਜ, ਮੱਧ ਪ੍ਰਦੇਸ਼, ਰਾਜਸਥਾਨ ਦੇ ਕੁਝ ਹੋਰ ਹਿੱਸਿਆਂ, ਛੱਤੀਸਗੜ੍ਹ, ਪੱਛਮੀ ਬੰਗਾਲ, ਝਾਰਖੰਡ ਤੇ ਬਿਹਾਰ ਦੇ ਬਾਕੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।
ਮੌਸਮ ਵਿਭਾਗ ਮੁਤਾਬਕ ਅਗਲੇ 3-4 ਦਿਨਾਂ ਦੌਰਾਨ ਮਾਨਸੂਨ 30 ਜੂਨ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ-ਲਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ, ਪੰਜਾਬ ਦੇ ਉੱਤਰੀ ਹਿੱਸਿਆਂ ਤੇ ਹਰਿਆਣਾ ਦੇ ਉੱਤਰੀ ਹਿੱਸਿਆਂ 'ਚ ਦਸਤਕ ਦੇ ਸਕਦਾ ਹੈ।