Punjab: ਨੌਜਵਾਨ ਦਾ ਦੇਸੀ ਜੁਗਾੜ! ਤਿਆਰ ਕਰ ਲਿਆ 3 ਫੁੱਟਾ ਫੋਰਡ, ਵੱਡੇ ਟਰੈਕਟਰ ਵਾਂਗ ਹੀ ਕਰਦਾ ਕੰਮ
ਭਾਰਤ 'ਚ ਹਰ ਕੰਮ ਜੁਗਾੜ ਨਾਲ ਹੋ ਜਾਂਦਾ ਹੈ।ਨੌਜਵਾਨ ਦੇਸੀ ਜੁਗਾੜ ਲਾ ਕੇ ਕੁਝ ਨਾ ਕੁਝ ਨਵੀਂ ਕਾਢ ਕੱਢਦੇ ਰਹਿੰਦੇ ਹਨ।ਹੁਣ ਮੁਕਤਸਰ ਦੇ ਪਿੰਡ ਫੱਤਾ ਕੇਰਾ ਦੇ ਇੱਕ ਕਿਸਾਨ ਦੇ ਬੇਟੇ ਨੇ 3 ਫੁੱਟਾ ਟਰੈਕਟਰ ਤਿਆਰ ਕੀਤਾ ਹੈ।

ਅਸ਼ਰਫ ਢੁੱਡੀ
ਮਲੋਟ: ਭਾਰਤ 'ਚ ਹਰ ਕੰਮ ਜੁਗਾੜ ਨਾਲ ਹੋ ਜਾਂਦਾ ਹੈ।ਨੌਜਵਾਨ ਦੇਸੀ ਜੁਗਾੜ ਲਾ ਕੇ ਕੁਝ ਨਾ ਕੁਝ ਨਵੀਂ ਕਾਢ ਕੱਢਦੇ ਰਹਿੰਦੇ ਹਨ।ਹੁਣ ਮੁਕਤਸਰ ਦੇ ਪਿੰਡ ਫੱਤਾ ਕੇਰਾ ਦੇ ਇੱਕ ਕਿਸਾਨ ਦੇ ਬੇਟੇ ਨੇ 3 ਫੁੱਟਾ ਟਰੈਕਟਰ ਤਿਆਰ ਕੀਤਾ ਹੈ।ਇਹ ਟਰੈਕਟਰ ਨੀਲੇ ਰੰਗ ਦਾ ਫੋਰਡ ਟਰੈਕਟਰ ਹੈ ਜੋ ਹਰ ਜੱਟ ਦੀ ਪਸੰਦ ਹੁੰਦਾ ਹੈ।
ਉਸ ਨੇ ਇਹ ਟਰੈਕਟਰ ਆਪਣੇ ਸ਼ੌਕ ਲਈ ਤਿਆਰ ਕੀਤਾ ਹੈ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਛੋਟੀਆਂ ਮਸ਼ੀਨਾਂ ਬਣਾਉਣ ਦਾ ਸ਼ੌਕ ਸੀ, ਉਹ ਪਹਿਲਾਂ ਛੋਟੇ ਟਰੈਕਟਰ ਬਣਾਉਂਦਾ ਸੀ। ਪਰ ਉਸ ਨੇ ਇਸ ਵਿੱਚ ਵੀ ਕੁਝ ਵੱਡਾ ਕਰਨ ਦਾ ਸੋਚਿਆ ਅਤੇ ਆਟੋ ਦਾ ਇੰਜਣ ਲੈ ਕੇ ਕਬਾੜ ਵਿੱਚੋਂ ਸਮਾਨ ਇਕੱਠਾ ਕੀਤਾ ਅਤੇ ਉਸ ਤੋਂ ਬਾਅਦ ਉਸ ਨੇ ਇੱਕ ਟਰੈਕਟਰ ਤਿਆਰ ਕੀਤਾ।

ਪਿੰਡ ਵਿਚ ਰਹਿਣ ਵਾਲੇ ਨੌਜਵਾਨ ਗੁਰਵਿੰਦਰ ਸਿੰਘ ਨੇ ਇਹ ਟਰੈਕਟਰ ਤਿਆਰ ਕਰਕੇ ਆਪਣੀ ਕਾਬਲਿਅਤ ਦਾ ਸਿੱਕਾ ਮਨਵਾ ਲਿਆ ਹੈ।ਪਰਿਵਾਰ ਅਤੇ ਪਿੰਡ ਵਾਸੀ ਇਸ ਨੌਜਵਾਨ ਦੀਆਂ ਸਿਫ਼ਤਾ ਕਰਦੇ ਨਹੀਂ ਥੱਕ ਰਹੇ।ਇਹ ਟਰੈਟਕਰ ਹੂ-ਬ-ਹੂ ਫੋਰਡ ਟਰੈਕਟਰ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ।ਇਸ 'ਤੇ ਬੈਟਰੀ ਰਾਹੀਂ ਰਾਤ ਨੂੰ ਕੰਮ ਕਰਨ ਲਈ ਲਾਈਟਾਂ ਵੀ ਲਗਾਈਆਂ ਗਈਆਂ ਹਨ।ਮਨੋਰੰਜਨ ਲਈ ਮਿਊਜ਼ਿਕ ਸਿਸਟਮ ਵੀ ਲਗਾਇਆ ਗਿਆ ਹੈ।
ਇਹ ਟਰੈਕਟਰ ਖੇਤਾਂ ਵਿੱਚ ਫ਼ਸਲਾਂ ਦੀ ਕਟਾਈ ਕਰਦਾ ਹੈ। ਗੁਰਵਿੰਦਰ ਸਿੰਘ ਦੇ ਪਿਤਾ ਵੀ ਉਨ੍ਹਾਂ ਵੱਲੋਂ ਬਣਾਏ ਟਰੈਕਟਰ ਦੀ ਤਾਰੀਫ਼ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਵੀ ਉਹ ਬਾਜ਼ਾਰ ਜਾਂਦੇ ਹਨ ਤਾਂ ਲੋਕ ਉਸ ਦੇ ਟਰੈਕਟਰ ਨਾਲ ਸੈਲਫੀ ਲੈਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਬੇਟੇ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਗੁਰਵਿੰਦਰ ਬਚਪਨ ਵਿਚ ਨਿੱਕੇ ਖਿਡੋਣੇ ਵਾਲੇ ਟਰੈਕਟਰ ਬਣਾਉਣ ਦਾ ਸ਼ੌਕ ਰੱਖਦਾ ਸੀ। ਉਸਦਾ ਇਹ ਟਰੈਕਟਰ ਪਿੰਡ 'ਚ ਖੇਤ 'ਚ ਸੁਹਾਗਾ ਮਾਰਨ ਦਾ ਕੰਮ ਕਰਦਾ ਹੈ। ਇਸਦੇ ਨਾਲ ਹੀ ਖੇਤ ਵਿਚ ਸਮਾਨ ਲੈਕੇ ਆਉਣ ਜਾਣ ਵਿਚ ਮਦਦ ਕਰਦਾ ਹੈ। ਟਰੈਕਟਰ 40 ਹਜ਼ਾਰ ਦੀ ਕੀਮਤ ਨਾਲ ਬਣਿਆ ਹੈ। ਇਕ ਲੀਟਰ ਡੀਜਲ ਤੇਲ ਨਾਲ 35 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਲੋਕ ਇਸ ਖੂਬਸੂਰਤ ਟਰੈਕਟਰ ਨਾਲ ਸੈਲਫੀਆਂ ਕਰਵਾਉਣ ਲਈ ਵੀ ਆ ਰਹੇ ਹਨ।






















