ਕਿਸਾਨ ਅੰਦੋਲਨ ਤੇਜ਼ ਕਰਨ ਲਈ ਬੱਬੂ ਮਾਨ ਸਣੇ ਪੰਜਾਬੀ ਕਲਾਕਾਰਾਂ ਨੇ ਕੀਤਾ ਵੱਡਾ ਐਲਾਨ
ਪ੍ਰੈੱਸ ਕਾਨਫਰੰਸ 'ਚ ਪੰਜਾਬੀ ਗਾਇਕ ਬੱਬੂ ਮਾਨ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਇੱਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਅਜਿਹੇ 'ਚ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਤੇ ਪੰਜਾਬੀ ਗਾਇਕਾਂ ਬੱਬੂ ਮਾਨ, ਜੱਸ ਬਾਜਵਾ, ਬਾਲੀਵੁੱਡ ਅਦਾਕਾਰ ਗੁੱਲ ਪਨਾਗ, ਸਿੱਪੀ ਗਿੱਲ ਤੇ ਹੋਰ ਕਈ ਕਲਾਕਾਰਾਂ ਨੇ ਬਾਰਡਰ 'ਤੇ ਬੈਠਕ ਕੀਤੀ।
ਇਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ 'ਚ ਪੰਜਾਬੀ ਗਾਇਕ ਬੱਬੂ ਮਾਨ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਇੱਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਇਹ ਜ਼ਰੂਰੀ ਨਹੀਂ ਕਿ ਸਾਰੇ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚ ਕੇ ਅੰਦੋਲਨ 'ਚ ਹਿੱਸੇਦਾਰੀ ਦੇਣ ਬਲਕਿ ਇਹ ਸਾਰਿਆਂ ਦਾ ਧਰਮ ਵੀ ਹੈ ਕਿ ਪਿੱਛੇ ਤੋਂ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇ।
ਉਨ੍ਹਾਂ ਨੇ ਇਸ ਅੰਦੋਲਨ ਦਾ ਸਮਰਥਨ ਕਰਨ ਵਾਲੇ ਕਲਾਕਾਰਾਂ ਤੇ ਖਿਡਾਰੀਆਂ 'ਤੇ ਵੀ ਤਨਜ਼ ਕੱਸਦਿਆਂ ਕਿਹਾ ਕਿ ਅਜੇ ਤਕ ਉਨ੍ਹਾਂ ਦਾ ਜ਼ਮੀਰ ਨਹੀਂ ਜਾਗਿਆ। ਪੰਜਾਬੀ ਗਾਇਕ ਬੱਬੂ ਮਾਨ ਨੇ ਕਿਹਾ ਕਿ 'ਸਾਰੇ ਖਿਡਾਰੀ, ਕਿਸਾਨ ਤੇ ਗਾਇਕ ਬਾਰਡਰ 'ਤੇ ਆਉਂਦੇ ਹਨ। ਜ਼ਰੂਰੀ ਨਹੀਂ ਕਿ ਮੰਚ ਤੋਂ ਸਪੀਚ ਦੇਣ। ਸਭ ਤੋਂ ਪਹਿਲਾਂ ਕਿਸਾਨ ਹਾਂ। ਅਸੀਂ ਸਾਰੇ ਮਿਲ ਕੇ ਇੱਥੇ ਆਉਂਦੇ ਹਾਂ ਤੇ ਰਾਤ ਨੂੰ ਵੀ ਇੱਥੇ ਹੀ ਹੁੰਦੇ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰਾ ਨਾਂ ਕਿਸੇ ਕਨਟਰੋਵਰਸੀ 'ਚ ਆਵੇ। ਸੋਚ ਕੇ ਆਇਆ ਸੀ ਅੱਜ ਸਟੇਜ 'ਤੇ ਨਹੀਂ ਜਾਵਾਂਗਾ। ਕਿਸਾਨਾਂ ਵਿੱਚ ਬੈਠਾ ਰਹਾਂਗਾ ਪਰ ਮੈਨੂੰ ਸਟੇਜ 'ਤੇ ਬੋਲਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਮੈਂ ਲਗਾਤਾਰ ਬਾਰਡਰ 'ਤੇ ਆਉਂਦਾ ਰਹਾਂਗਾ।'
ਬੱਬੂ ਮਾਨ ਨੇ ਕਿਹਾ 'ਇਹ ਅੰਦੋਲਨ ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਿਹਾ ਹੈ।' ਉਨ੍ਹਾਂ ਕਿਹਾ ਕਿ ਅਜੇ ਝੋਨੇ ਦੀ ਬਿਜਾਈ ਚੱਲ ਰਹੀ ਹੈ। ਬਾਅਦ 'ਚ ਸਾਰੇ ਇੱਥੇ ਹੀ ਹੋਣਗੇ। ਕੰਮ ਵੀ ਨਾਲ ਚੱਲਦੇ ਰਹਿਣਗੇ ਤੇ ਮੋਰਚੇ 'ਤੇ ਵੀ ਸਾਰੇ ਆਉਂਦੇ ਰਹਿਣਗੇ। ਅਦਾਕਾਰਾ ਗੁਲ ਪਨਾਗ ਨੇ ਕਿਹਾ ਇਹ ਮਿੱਟੀ ਦਾ ਮਸਲਾ ਹੈ ਤੇ ਇਹ ਜ਼ਮੀਰ ਦਾ ਮਸਲਾ ਹੈ। ਜੋ ਬਾਕੀ ਗਾਇਕ ਤੇ ਅਦਾਕਾਰ ਹਨ ਸਭ ਆਪਣਾ ਨਿੱਜੀ ਕੰਮ ਕਰ ਰਹੇ ਹਨ। ਉਨ੍ਹਾਂ ਅਸੀਂ ਮਜਬੂਰ ਨਹੀਂ ਕਰ ਸਕਦੇ ਕਿ ਸਾਡੇ ਹੱਕ ਲਈ ਬੋਲੋ। ਗੱਲ ਇਹ ਹੈ ਕਿ ਜ਼ਮੀਰ ਕੀ ਕਹਿੰਦਾ ਹੈ।