ਪੰਜਾਬੀ ਵਿਅਕਤੀ ਦੀ ਸੂਚਨਾ ਦੇਣ ਵਾਲੇ ਨੂੰ 5.3 ਕਰੋੜ ਦਾ ਇਨਾਮ, ਜਾਣੋ ਪੂਰਾ ਮਾਮਲਾ
ਭਾਰਤ ਵਿੱਚ, ਜਾਣਕਾਰੀ ਵਾਲੇ ਲੋਕ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਖੇ ਆਸਟ੍ਰੇਲੀਆਈ ਸੰਘੀ ਪੁਲਿਸ ਨੂੰ +91 11 4122 0972 'ਤੇ ਕਾਲ ਕਰ ਸਕਦੇ ਹਨ।
ਆਸਟ੍ਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਕਤਲ ਦੇ ਮਾਮਲੇ ਵਿੱਚ ਪੰਜਾਬੀ ਵਿਅਕਤੀ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਨੂੰ 10 ਲੱਖ ਆਸਟਰੇਲਿਆਈ ਡਾਲਰ(ਕਰੀਬ 5.31 ਕਰੋੜ ਰੁਪਏ) ਇਨਾਮ ਦਾ ਐਲਾਨ ਕੀਤਾ ਹੈ। 38 ਸਾਲ ਦੇ ਰਾਜਵਿੰਦਰ ਸਿੰਘ ’ਤੇ ਕਤਲ ਬਾਅਦ ਭਾਰਤ ਭੱਜਣ ਦਾ ਸ਼ੱਕ ਹੈ। ਉਸ ’ਤੇ ਬੀਚ ਉੱਤੇ ਆਸਟ੍ਰੇਲੀਅਨ ਔਰਤ ਦਾ ਕਤਲ ਕਰਨ ਦਾ ਦੋਸ਼ ਹੈ। ਕੁਈਨਜ਼ਲੈਂਡ ਪੁਲਿਸ ਦੇ ਤਿੰਨ ਜਾਸੂਸ ਭਾਰਤ ਵੀ ਗਏ ਹਨ ਤੇ ਉਹ ਉਥੋਂ ਦੀਆਂ ਏਜੰਸੀਆਂ ਨਾਲ ਰਲ ਕੇ ਰਾਜਵਿੰਦਰ ਨੂੰ ਲੱਭ ਰਹੇ ਹਨ। ਉਹ ਆਸਟਰੇਲੀਆ ਵਿੱਚ ਨਰਸ ਵਜੋਂ ਨੌਕਰੀ ਕਰਦਾ ਸੀ ਪਰ ਕਤਲ ਤੋਂ ਦੋ ਦਿਨ ਬਾਅਦ ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਆਸਟਰੇਲੀਆ ਵਿੱਚ ਛੱਡ ਕੇ ਦੇਸ਼ ਛੱਡ ਕੇ ਫ਼ਰਾਰ ਹੋ ਗਿਆ।
ਮੋਗਾ ਜ਼ਿਲ੍ਹੇ ਨਾਲ ਹੈ ਸਬੰਧ
ਰਾਜਵਿੰਦਰ ਸਿੰਘ ਦਾ ਜਨਮ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾਂ ਵਿੱਚ ਹੋਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਵਿੱਚ ਰਹਿ ਰਿਹਾ ਹੈ, ਹਾਲਾਂਕਿ ਉਸ ਦਾ ਸਹੀ ਪਤਾ ਨਹੀਂ ਹੈ। ਪੁਲਿਸ ਨੇ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਕਿਉਂਕਿ ਉਹ 23 ਅਕਤੂਬਰ, 2018 ਨੂੰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਭਾਰਤ ਲਈ ਜਹਾਜ਼ ਵਿੱਚ ਸਵਾਰ ਹੋ ਗਿਆ ਸੀ। ਉਸ ਦੇ ਭਰਾ ਨੇ ਪਹਿਲਾਂ ਮੰਨਿਆ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ ਅਤੇ ਕੰਮ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਵਿਚ ਸੀ।
ਕੀ ਹੈ ਪੂਰਾ ਮਾਮਲਾ
ਜ਼ਿਕਰ ਕਰ ਦਈਏ ਕਿ ਕੋਰਡਿੰਗਲੇ ਦੀ 21 ਅਕਤੂਬਰ, 2018 ਨੂੰ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ ਅਤੇ ਉਸਦੀ ਲਾਸ਼ ਅਗਲੀ ਸਵੇਰ ਵੈਂਗੇਟੀ ਬੀਚ ਕੁਈਨਜ਼ਲੈਂਡ ਵਿਖੇ ਮਿਲੀ।
ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਤਿੰਨ ਜਾਸੂਸ ਇਸ ਮਾਮਲੇ 'ਤੇ ਕੇਂਦਰੀ ਜਾਂਚ ਬਿਊਰੋ ਨਾਲ ਕੰਮ ਕਰ ਰਹੇ ਹਨ। ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਈਨਜ਼ਲੈਂਡ ਸਰਕਾਰ ਦੁਆਰਾ ਦਿੱਤਾ ਗਿਆ ਇਨਾਮ ਰਾਜਵਿੰਦਰ ਨੂੰ ਲੱਭਣ ਅਤੇ ਫੜਨ ਲਈ ਭਾਰਤੀ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਕਰੇਗਾ। ਹਿੰਦੀ ਅਤੇ ਪੰਜਾਬੀ ਵਿੱਚ ਮਾਹਰ ਅਫ਼ਸਰਾਂ ਨੂੰ ਖਾਸ ਤੌਰ 'ਤੇ ਕਤਲ ਨੂੰ ਸੁਲਝਾਉਣ ਲਈ ਨਿਯੁਕਤ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ
ਪੁਲਿਸ ਅਧਿਕਾਰੀਆਂ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਲੋਕ ਇਸ ਵਿਅਕਤੀ ਨੂੰ ਜਾਣਦੇ ਹਨ, ਉਹ ਜਾਣਦੇ ਹਨ ਕਿ ਇਹ ਵਿਅਕਤੀ ਕਿੱਥੇ ਹੈ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਸਹੀ ਕੰਮ ਕਰਨ ਲਈ ਕਹਿ ਰਹੇ ਹਾਂ। ਇਹ ਵਿਅਕਤੀ ਇੱਕ ਬਹੁਤ ਹੀ ਘਿਨਾਉਣੇ ਅਪਰਾਧ ਦਾ ਦੋਸ਼ੀ ਹੈ; ਇੱਕ ਅਪਰਾਧ ਜਿਸ ਨੇ ਇੱਕ ਪਰਿਵਾਰ ਨੂੰ ਤੋੜ ਦਿੱਤਾ ਹੈ
ਡਿਟੈਕਟਿਵ ਇੰਸਪੈਕਟਰ ਸੋਨੀਆ ਸਮਿਥ ਜੋ ਇਸ ਕੇਸ ਦੀ ਇੰਚਾਰਜ ਹੈ, ਦੇ ਹਵਾਲੇ ਨਾਲ ਕਿਹਾ ਗਿਆ ਹੈ, “ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹੇ ਲੋਕ ਹਨ ਜੋ ਰਾਜਵਿੰਦਰ ਦੇ ਟਿਕਾਣੇ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਇਹ ਯਕੀਨੀ ਤੌਰ 'ਤੇ ਅੱਗੇ ਆਉਣ ਅਤੇ ਸਾਨੂੰ ਦੱਸਣ ਦਾ ਸਮਾਂ ਹੈ ਕਿ ਤੁਸੀਂ ਕੀ ਜਾਣਦੇ ਹੋ।
ਭਾਰਤ ਵਿੱਚ, ਜਾਣਕਾਰੀ ਵਾਲੇ ਲੋਕ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਖੇ ਆਸਟ੍ਰੇਲੀਆਈ ਸੰਘੀ ਪੁਲਿਸ ਨੂੰ +91 11 4122 0972 'ਤੇ ਕਾਲ ਕਰ ਸਕਦੇ ਹਨ।