ਪੰਜਾਬ ਸਰਕਾਰ ਕਰੇਗੀ ਵੱਡਾ ਧਮਾਕਾ! ਹੁਣ ਰਾਜਾ ਵੜਿੰਗ ਦੀਆਂ ਵਧ ਸਕਦੀਆਂ ਮੁਸ਼ਕਲਾਂ
ਸਰਕਾਰ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਉੱਪਰ ਟਰਾਂਸਪੋਰਟ ਮੰਤਰੀ ਹੁੰਦਿਆਂ ਪੰਜਾਬ ਦੀ ਬਜਾਏ ਰਾਜਸਥਾਨ ਤੋਂ ਬੱਸਾਂ ਦੀ ਬਾਡੀ ਲਵਾ ਕੇ ਘਪਲਾ ਕਰਨ ਦੇ ਇਲਜ਼ਾਮ ਹਨ।
Punjab News: ਲੋਕ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਇੱਕ ਹੋਰ ਵੱਡਾ ਧਮਾਕਾ ਕਰ ਸਕਦੀ ਹੈ। ਸਰਕਾਰ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਉੱਪਰ ਟਰਾਂਸਪੋਰਟ ਮੰਤਰੀ ਹੁੰਦਿਆਂ ਪੰਜਾਬ ਦੀ ਬਜਾਏ ਰਾਜਸਥਾਨ ਤੋਂ ਬੱਸਾਂ ਦੀ ਬਾਡੀ ਲਵਾ ਕੇ ਘਪਲਾ ਕਰਨ ਦੇ ਇਲਜ਼ਾਮ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਜਲਦ ਹੀ ਇਸ ਦੀ ਜਾਂਚ ਵਿੱਢਣ ਜਾ ਰਹੀ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜਾ ਵੜਿੰਗ ’ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਜ਼ ਲਵਾ ਕੇ ਕਥਿਤ ਤੌਰ ’ਤੇ ਗੈਰਕਾਨੂੰਨੀ ਢੰਗ ਨਾਲ ਪੈਸੇ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਘੁਟਾਲੇ ਦੇ ਵੇਰਵੇ ਜਲਦੀ ਹੀ ਨਸ਼ਰ ਕਰਨਗੇ। ਇਹ ਕਥਿਤ ਘਪਲਾ ਪਿਛਲੀ ਕਾਂਗਰਸ ਸਰਕਾਰ ਸਮੇਂ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਰਹਿਣ ਸਮੇਂ ਹੋਇਆ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਬੱਸਾਂ ਦੀਆਂ ਬਾਡੀਆਂ ਲਵਾਉਣ ਦੇ ਮਾਮਲੇ ਵਿੱਚ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਰਾਜਾ ਵੜਿੰਗ ਨੇ ਟਵਿੱਟਰ ਰਾਹੀਂ ਕਿਹਾ, ‘‘ਡੇਢ ਸਾਲ ਤੋਂ ਸਾਰੀਆਂ ਫਾਈਲਾਂ ਤੁਹਾਡੇ ਕੋਲ ਹਨ, ਤੁਸੀਂ ਜਦ ਮਰਜ਼ੀ ਜਾਂਚ ਕਰਵਾ ਸਕਦੇ ਹੋ। ਅਸੀਂ ਹਰ ਜਾਂਚ ਲਈ ਤਿਆਰ ਹਾਂ।’’
ਮੁੱਖ ਮੰਤਰੀ @BhagwantMann ਸਾਹਿਬ , ਬੱਸਾਂ ਦੀਆਂ ਬਾਡੀਆਂ ਲਗਾਉਣ ਦੀ ਪ੍ਰਕਿਰਿਆ ਇੱਕ ਓਪਨ ਆਨਲਾਈਨ ਟੈਂਡਰ ਰਾਹੀਂ ਪੂਰੀ ਕੀਤੀ ਗਈ ਹੈ ਜਿਸ ਵਿੱਚ ਦੇਸ਼ ਦੇ ਕਿਸੇ ਵੀ ਸੂਬੇ ਦੀ ਯੋਗ ਕੰਪਨੀ ਹਿੱਸਾ ਲੈ ਸਕਦੀ ਹੈ ਅਤੇ ਇਹ ਸਾਰੀ ਆਨਲਾਈਨ ਪ੍ਰਕਿਰਿਆ ਦੇ ਲਈ ਜੋ ਵੀ ਕਾਨੂੰਨ ਮੁਤਾਬਕ ਸ਼ਰਤਾਂ ਪੂਰੀਆਂ ਕਰਦੇ ਹਨ ਉਹਨਾਂ ਨੂੰ ਟੈਂਡਰ ਮਿਲ ਜਾਂਦੇ ਹਨ। ਇਸ…
— Amarinder Singh Raja Warring (@RajaBrar_INC) September 9, 2023
ਵੜਿੰਗ ਨੇ ਕਿਹਾ ਕਿ ਬੱਸਾਂ ਦੀਆਂ ਬਾਡੀਆਂ ਲਗਾਉਣ ਦੀ ਪ੍ਰਕਿਰਿਆ ਓਪਨ ਆਨਲਾਈਨ ਟੈਂਡਰ ਰਾਹੀਂ ਪੂਰੀ ਕੀਤੀ ਗਈ ਸੀ, ਜਿਸ ’ਚ ਦੇਸ਼ ਦੇ ਕਿਸੇ ਵੀ ਸੂਬੇ ਦੀ ਯੋਗ ਕੰਪਨੀ ਹਿੱਸਾ ਲੈ ਸਕਦੀ ਸੀ। ਇਹ ਸਾਰੀ ਪ੍ਰਕਿਰਿਆ ਲਈ ਕਾਨੂੰਨ ਮੁਤਾਬਕ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੀ ਕੰਪਨੀ ਨੂੰ ਟੈਂਡਰ ਮਿਲ ਜਾਂਦੇ ਹਨ। ਬੱਸਾਂ ’ਤੇ ਬਾਡੀ ਲਗਾਉਣ ਲਈ ਜਾਰੀ ਕੀਤੇ ਟੈਂਡਰ ਦੀ ਪ੍ਰਕਿਰਿਆ ’ਚ ਵੀ ਇਸੇ ਤਰ੍ਹਾਂ ਹੋਇਆ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਨੇ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਆਂ ਲਵਾਉਣ ਮੌਕੇ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਇਆ ਹੈ। ਇਸ ਘੁਟਾਲੇ ਦੀ ਜਾਣਕਾਰੀ ਆਉਂਦੇ ਦਿਨਾਂ ’ਚ ਨਸ਼ਰ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਸੂਬੇ ਦਾ ਖਜ਼ਾਨਾ ਲੁੱਟਿਆ ਗਿਆ। ਸੀਐਮ ਮਾਨ ਨੇ ਕਿਹਾ ਸੀ ਕਿ ਇਹ ਪਤਾ ਹੋਣ ਦੇ ਬਾਵਜੂਦ ਕਿ ਬੱਸਾਂ ਦੀਆਂ ਬਾਡੀਆਂ ਪੰਜਾਬ ਵਿੱਚ ਲੱਗ ਸਕਦੀਆਂ ਹਨ ਤਾਂ ਬਾਹਰਲੇ ਸੂਬੇ ਤੋਂ ਲਵਾਈਆਂ ਗਈਆਂ।