ਆਉਣ ਵਾਲਾ ਸਮਾਂ ਦੱਸੇਗਾ, ਰਾਜਾ ਵੜਿੰਗ ਦਾ ਕੌਣ ਕਿੰਨਾ ਸਾਥ ਦਿੰਦਾ, ਨਵਜੋਤ ਸਿੱਧੂ ਦੇ ਆਪਣਿਆਂ 'ਤੇ ਹੀ ਤਿੱਖੇ ਨਿਸ਼ਾਨੇ
ਪੰਜਾਬ ਕਾਂਗਰਸ ਦੀ ਕਮਾਨ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਭਾਲ ਲਈ ਹੈ। ਉਨ੍ਹਾਂ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਸਮਰਥਕਾਂ ਨਾਲ ਪਹੁੰਚੇ।
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਕਮਾਨ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਭਾਲ ਲਈ ਹੈ। ਉਨ੍ਹਾਂ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਸਮਰਥਕਾਂ ਨਾਲ ਪਹੁੰਚੇ। ਸਿੱਧੂ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਨੂੰ ਵਧਾਈ ਦਿੰਦਾ ਹਾਂ। ਪਰਮਾਤਮਾ ਤੋਂ ਆਸ ਕਰਦਾ ਹਾਂ ਕਿ ਬਹੁਤ ਤਰੱਕੀਆ ਬਖਸ਼ੇ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਦੱਸ ਦੇਏਗਾ ਕਿ ਰਾਜਾ ਵੜਿੰਗ ਦਾ ਕੌਣ ਕਿੰਨਾ ਸਾਥ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਮਾਫੀਆ ਨਾਲ ਹੈ। ਪੰਜਾਬੀ 3 ਕਰੋੜ ਹਨ ਤੇ ਮੈਂ 3 ਕਰੋੜ ਵੱਲ ਹਾਂ।
ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਪੰਜ ਸਾਲਾਂ ਦੇ ਮਾਫੀਆ ਰਾਜ ਕਾਰਨ ਹਾਰੀ ਹੈ। ਮਾਫੀਆ ਨਾਲ ਲੜਾਈ ਕਿਸੇ ਇੱਕ ਵਿਅਕਤੀ ਖਿਲਾਫ ਨਹੀਂ ਸਗੋਂ ਸਿਸਟਮ ਖਿਲਾਫ ਸੀ। ਇਸ ਦੇ ਪਿੱਛੇ ਕੁਝ ਲੋਕ ਸਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦੇ ਹਨ। ਅੱਜ ਵੀ ਪੰਜਾਬ ਦੀ ਹੋਂਦ ਦੀ ਲੜਾਈ ਹੈ, ਕਿਸੇ ਅਹੁਦੇ ਲਈ ਨਹੀਂ। ਜਿਸ ਦਿਨ ਪੰਜਾਬ 'ਚੋਂ ਮਾਫੀਆ ਖਤਮ ਹੋ ਜਾਵੇਗਾ, ਸੂਬਾ ਫਿਰ ਤੋਂ ਖੜ੍ਹਾ ਹੋ ਜਾਵੇਗਾ।
ਸਿੱਧੂ ਨੇ ਰਾਜਾ ਵੜਿੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਸਨਮਾਨ ਦਿੰਦੀ ਆਈ ਹੈ, ਇੱਥੇ ਉਮਰ ਦਾ ਕੋਈ ਤਕਾਜਾ ਨਹੀਂ। ਇੱਕ ਪਦਵੀ ਹੈ, ਜਿਸ ਦੀ ਇੱਜ਼ਤ ਹੈ ਤੇ ਸਭ ਨੂੰ ਉਸ ਕੁਰਸੀ ਦੇ ਹੇਠਾਂ ਰਹਿ ਕੇ ਕੰਮ ਕਰਨਾ ਪੇਏਗਾ ਪਰ ਵਿਅਕਤੀਗਤ ਤੌਰ 'ਤੇ ਮੇਰਾ ਇਹ ਵਿਚਾਰ ਹੈ ਕਿ ਕਾਂਗਰਸ ਨੂੰ ਰੀ-ਇਨਵੈਸਟ ਕਰਨਾ ਪਏਗਾ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੀ ਸਰਪਰਸਤੀ ਇੱਕ ਯੁਵਾ ਉਰਜਾ ਦਾ ਸੁਮੇਲ ਹੈ ਪਰ ਇਹ ਇੱਕ ਟੀਮ ਵਰਕ ਹੈ, ਇੱਕ-ਦੁਸਰੇ ਦੀ ਇੱਜ਼ਤ ਤੇ ਇੱਕ-ਦੂਸਰੇ ਦੀ ਖੁਸ਼ੀ ਵਿੱਚ ਹਿਸਾ ਪਾਉਣਾ ਜ਼ਰੂਰੀ ਹੈ। ਕਾਂਗਰਸ ਨੂੰ ਨਵੀਨੀਕਰਨ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਸਰਕਾਰ ਆਈ ਹੈ, ਉਹ ਬਦਲਾਅ ਕਰਕੇ ਆਈ ਹੈ। ਮੈਂ ਭਗਵੰਤ ਮਾਨ ਨੂੰ ਛੋਟਾ ਭਾਈ ਮੰਨਦਾ ਹਾਂ। ਜੇ ਉਹ ਮਾਫੀਆ ਖਿਲਾਫ ਲੜੇਗਾ ਤਾਂ ਮੇਰਾ ਸਹਿਯੋਗ ਹੈ।
ਉਨ੍ਹਾਂ ਕਿਹਾ ਕਿ ਸਵਾਲ ਵੀ ਉਹੀ ਕਰ ਸਕਦਾ ਹੈ ਜੋ ਇਮਾਨਦਾਰ ਹੋਵੇ। ਇਸ ਕਰਕੇ ਆਉਣ ਵਾਲਾ ਸਮਾਂ ਇਮਾਨਦਾਰਾਂ ਦਾ ਹੈ। ਉਨ੍ਹਾਂ ਕਿਹਾ ਕਿ 50 ਤੋਂ 60 ਅਜਿਹੇ ਲੀਡਰ ਕਾਂਗਰਸ ਵਿੱਚ ਹੋਣ ਜਿਨ੍ਹਾਂ 'ਤੇ ਲੋਕ ਭਰੋਸਾ ਕਰਦੇ ਹੋਣ। ਲੋਕਾ ਨੂੰ ਲੱਗੇ ਕਿ ਵਾਕਿਆ ਹੀ ਬਦਲਾਅ ਹੈ ਤੇ ਇਹ ਲੀਡਰ ਵਾਕਿਆ ਹੀ ਪੰਜਾਬ ਦੀ ਉਸਾਰੀ ਲਈ ਆਏ ਹੈ।