(Source: ECI/ABP News/ABP Majha)
Punjab News: ਰਾਜਸਥਾਨ ਤੋਂ ਪਰਚਾ ਭਰਦੇ ਹੀ ਰਵਨੀਤ ਬਿੱਟੂ ਦਾ ਕਿਸਾਨ ਲੀਡਰਾਂ 'ਤੇ ਹਮਲਾ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ
Punjab News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਲੀਡਰਾਂ ਉਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਕਿਸਾਨ ਆਗੂਆਂ ਨੂੰ ਵਿਦੇਸ਼ਾਂ ਤੋਂ ਫੰਡ ਮਿਲ ਰਹੇ ਹਨ।
Punjab News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਲੀਡਰਾਂ ਉਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਕਿਸਾਨ ਆਗੂਆਂ ਨੂੰ ਵਿਦੇਸ਼ਾਂ ਤੋਂ ਫੰਡ ਮਿਲ ਰਹੇ ਹਨ। ਅਸਲੀ ਕਿਸਾਨ ਤਾਂ ਆਪਣੇ ਖੇਤਾਂ ਵਿੱਚ ਰੁੱਝੇ ਹੋਏ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਰਾਜਸਥਾਨ ਵਿੱਚ ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਿਸਾਨ ਆਗੂ ਸੰਸਦ ਦੇ ਅੰਦਰ ਦੋ ਵਾਰ ਰਾਹੁਲ ਗਾਂਧੀ ਨੂੰ ਮਿਲ ਚੁੱਕੇ ਹਨ। ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਲੀਡਰ ਆਪਣੀ ਚੌਧਰ ਲਈ ਅੰਦਲਨ ਕਰ ਰਹੇ ਹਨ।
ਉਧਰ, ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਵਿੱਚ ਤੁਹਾਡੀ ਸਰਕਾਰ ਹੈ। ਤੁਹਾਨੂੰ ਇਹ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਵਾਅਦਾ ਕਰਨ ਦੇ ਬਾਵਜੂਦ ਮੰਗਾਂ ਨਹੀਂ ਮੰਨ ਰਹੀ।
ਦਰਅਸਲ ਜਦੋਂ ਪੱਤਰਕਾਰਾਂ ਨੇ ਰਵਨੀਤ ਬਿੱਟੂ ਤੋਂ ਪੁੱਛਿਆ ਕਿ ਕਿਸਾਨਾਂ ਦੀ ਨਾਰਾਜ਼ਗੀ ਵੱਡਾ ਮੁੱਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸਾਨ ਨਾਰਾਜ਼ ਹਨ। ਕੁਝ ਕਿਸਾਨ ਆਗੂ ਹਨ। ਪਹਿਲਾਂ ਉਹ ਕਹਿੰਦੇ ਸਨ ਕਿ ਅਸੀਂ ਕਿਸੇ ਦੇ ਨਾਲ ਨਹੀਂ ਹਾਂ। ਭਾਜਪਾ ਸਰਕਾਰ ਸਾਨੂੰ ਅੱਗੇ ਨਹੀਂ ਆਉਣ ਦਿੰਦੀ ਪਰ ਹੁਣ ਤੁਸੀਂ ਸਭ ਦੇਖ ਲਿਆ ਹੈ।
ਦੇਸ਼ ਦੀ ਸੰਸਦ ਇੱਥੇ ਹੈ। ਭਾਜਪਾ ਦੀ ਸਰਕਾਰ ਹੈ। ਸੈਸ਼ਨ ਚੱਲ ਰਿਹਾ ਹੈ। ਇਸੇ ਦੌਰਾਨ ਕਿਸਾਨ ਆਗੂ ਦਿੱਲੀ ਵੀ ਗਏ। ਜਦੋਂ ਉਹ ਸੰਸਦ ਦੇ ਅੰਦਰ ਗਏ ਤਾਂ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਬੈਠੇ। ਉਹ ਇੱਕ ਵਾਰ ਨਹੀਂ ਸਗੋਂ ਦੋ ਵਾਰ ਸੰਸਦ ਵਿੱਚ ਆਏ।
ਉਨ੍ਹਾਂ ਨੇ ਕਿਹਾ ਕਿ ਜੇ ਕੋਈ ਬੰਦਾ ਬੰਬ, ਪੱਥਰ, ਕ੍ਰਿਪਾਨ ਤੇ ਹਥਿਆਰ ਲੈ ਕੇ ਜਾਏਗਾ ਤਾਂ ਉਸ ਨੂੰ ਰੋਕਿਆ ਜਾਵੇਗਾ। ਭਾਵੇਂ ਉਹ ਰਾਜਸਥਾਨ ਦਾ ਹੀ ਕਿਉਂ ਨਾ ਹੋਵੇ ਪਰ ਜੇਕਰ ਕਿਸਾਨ ਆਗੂ ਦਿੱਲੀ ਵਿੱਚ ਕਿਸੇ ਨੂੰ ਮਿਲਣਾ ਚਾਹੁੰਦੇ ਹਨ ਤਾਂ ਉਹ ਮਿਲ ਸਕਦੇ ਹਨ। ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ? ਸਮੁੱਚੀ ਲੀਡਰਸ਼ਿਪ ਮਿਲ ਕੇ ਆਈ ਹੈ।
ਬਿੱਟੂ ਨੇ ਕਿਹਾ ਕਿ ਕਿਸਾਨ ਆਗੂ ਗੁੰਮਰਾਹ ਕਰ ਰਹੇ ਹਨ। ਅੱਜ ਪੰਜਾਬ ਦੇ ਹਾਲਾਤ ਕੀ ਹਨ? ਗਡਕਰੀ ਸਾਹਿਬ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਚਾਹੇ ਉਹ ਰਾਸ਼ਟਰੀ ਰਾਜਮਾਰਗ, ਹਵਾਈ ਅੱਡਾ ਜਾਂ ਰੇਲਵੇ ਟਰੈਕ ਹੋਵੇ। ਇਹ ਲੋਕ ਇੱਕ ਇੰਚ ਵੀ ਨਹੀਂ ਬਣਨ ਦਿੰਦੇ। ਬਲੈਕਮੇਲ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਜ਼ਮੀਨ ਦੇਣ ਲਈ ਤਿਆਰ ਹੈ ਪਰ ਇਹ ਕੁਝ ਕਿਸਾਨ ਆਗੂ ਉਨ੍ਹਾਂ ਨੂੰ ਰੋਕਦੇ ਹਨ। ਪੰਜਾਬ ਨੂੰ ਇਨ੍ਹਾਂ ਪ੍ਰਾਜੈਕਟਾਂ ਦਾ ਲਾਭ ਹੋਵੇਗਾ। ਪੰਜਾਬ ਦੇ ਕਾਰੋਬਾਰ ਫੇਲ੍ਹ ਹੋ ਗਏ ਹਨ। ਲੋਕ ਕਾਰਖਾਨੇ ਬੰਦ ਕਰਕੇ ਚਲੇ ਗਏ ਹਨ। ਕਿਸਾਨ ਆਗੂ ਆਪਣੀਆਂ ਜੇਬਾਂ ਭਰਨ ਲਈ ਪ੍ਰਚਾਰ ਕਰ ਰਹੇ ਹਨ।