Punjab News : NCRB ਦੀ ਰਿਪੋਰਟ ਵਿੱਚ ਹੋਇਆ ਵੱਡਾ ਖ਼ੁਲਾਸਾ, ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਘਟ, ਮੌਤਾਂ ਜ਼ਿਆਦਾ
NCRB ਦੇ ਅੰਕੜਿਆਂ ਅਨੁਸਾਰ, 2022 ਵਿੱਚ ਹਰਿਆਣਾ ਵਿੱਚ SUV ਤੇ ਕਾਰਾਂ ਵਰਗੇ ਹਲਕੇ ਮੋਟਰ ਵਾਹਨਾਂ ਨਾਲ ਜੁੜੇ ਸੜਕ ਹਾਦਸਿਆਂ ਵਿੱਚ 660 ਲੋਕਾਂ ਦੀ ਮੌਤ ਹੋ ਗਈ ਅਤੇ 1,398 ਜ਼ਖਮੀ ਹੋਏ। ਪੰਜਾਬ ਵਿੱਚ ਇਸ ਸਾਲ 1,101 ਮੌਤਾਂ ਅਤੇ 861 ਜ਼ਖ਼ਮੀ ਹੋਏ ਹਨ।
Punjab News : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ ਤਾਜ਼ਾ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਪੰਜਾਬ ਵਿੱਚ 2021 ਅਤੇ 2022 ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਨਾਲੋਂ ਵੱਧ ਸੀ। ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਮੌਤਾਂ ਦੀ ਗਿਣਤੀ ਪੰਜਾਬ ਨਾਲੋਂ ਵੱਧ ਹੈ। ਹਾਲਾਂਕਿ ਹਰਿਆਣਾ ਵਿੱਚ ਮੌਤਾਂ ਨਾਲੋਂ ਜ਼ਖ਼ਮੀਆਂ ਦੀ ਗਿਣਤੀ ਵੱਧ ਹੈ। ਸੜਕ ਹਾਦਸਿਆਂ ਵਿੱਚ ਆਮ ਤੌਰ 'ਤੇ ਮੌਤਾਂ ਨਾਲੋਂ ਜ਼ਿਆਦਾ ਸੱਟਾਂ ਲੱਗਦੀਆਂ ਹਨ। ਪਰ ਹੁਣ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਅਤੇ ਕੁਝ ਹੋਰ ਰਾਜਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਨਾਲੋਂ ਵੱਧ ਹੈ।
ਪੰਜਾਬ ਨਾਲੋਂ ਹਰਿਆਣਾ ਵਿੱਚ ਵੱਧ ਮੌਤਾਂ
ਪੰਜਾਬ ਵਿੱਚ 2022 ਵਿੱਚ 6,122 ਸੜਕ ਹਾਦਸਿਆਂ ਵਿੱਚ 4,688 ਮੌਤਾਂ ਅਤੇ 3,372 ਜ਼ਖ਼ਮੀ ਹੋਏ। ਪਿਛਲੇ ਸਾਲ 6,097 ਸੜਕ ਹਾਦਸਿਆਂ ਵਿੱਚ 4,516 ਲੋਕਾਂ ਦੀ ਜਾਨ ਚਲੀ ਗਈ ਅਤੇ 3,034 ਲੋਕ ਜ਼ਖਮੀ ਹੋਏ। ਜਦੋਂ ਕਿ ਹਰਿਆਣਾ ਵਿੱਚ 2021 ਵਿੱਚ 10,049 ਸੜਕ ਹਾਦਸੇ ਦਰਜ ਕੀਤੇ ਗਏ। ਇਹ ਅੰਕੜਾ 2022 ਵਿੱਚ ਮਾਮੂਲੀ ਵਧ ਕੇ 10,654 ਹੋ ਗਿਆ। 2021 ਵਿੱਚ ਹਰਿਆਣਾ ਵਿੱਚ 4,983 ਲੋਕਾਂ ਦੀ ਮੌਤ ਹੋ ਗਈ। 2022 ਵਿੱਚ, ਇਹ ਅੰਕੜਾ 5,228 ਤੱਕ ਪਹੁੰਚ ਗਿਆ। ਦੋ ਸਾਲਾਂ ਵਿੱਚ ਹਾਦਸਿਆਂ ਵਿੱਚ ਕ੍ਰਮਵਾਰ 7,972 ਅਤੇ 8,353 ਲੋਕ ਜ਼ਖ਼ਮੀ ਹੋਏ ਹਨ।
ਹਰਿਆਣਾ ਵਿੱਚ 2,182 ਦੋਪਹੀਆ ਵਾਹਨ ਚਾਲਕਾਂ ਨੇ ਆਪਣੀ ਗਵਾਈ ਜਾਨ
ਐਨਸੀਆਰਬੀ ਦੇ ਅੰਕੜਿਆਂ ਅਨੁਸਾਰ, 2022 ਵਿੱਚ ਹਰਿਆਣਾ ਵਿੱਚ SUV ਅਤੇ ਕਾਰਾਂ ਵਰਗੇ ਹਲਕੇ ਮੋਟਰ ਵਾਹਨਾਂ ਨਾਲ ਜੁੜੇ ਸੜਕ ਹਾਦਸਿਆਂ ਵਿੱਚ 660 ਲੋਕਾਂ ਦੀ ਮੌਤ ਹੋ ਗਈ ਅਤੇ 1,398 ਜ਼ਖਮੀ ਹੋਏ। ਪੰਜਾਬ ਵਿੱਚ ਇਸ ਸਾਲ 1,101 ਮੌਤਾਂ ਅਤੇ 861 ਜ਼ਖ਼ਮੀ ਹੋਏ ਹਨ। ਦੋਵਾਂ ਰਾਜਾਂ ਵਿੱਚ ਦੋਪਹੀਆ ਵਾਹਨ ਚਾਲਕਾਂ ਦੇ ਜ਼ਖ਼ਮੀ ਹੋਣ ਅਤੇ ਮੌਤਾਂ ਦੇ ਮਾਮਲੇ ਵੀ ਜ਼ਿਆਦਾ ਹਨ। 2022 ਵਿੱਚ, ਹਰਿਆਣਾ ਵਿੱਚ 2,182 ਦੋਪਹੀਆ ਵਾਹਨ ਚਾਲਕਾਂ ਨੇ ਆਪਣੀ ਜਾਨ ਗੁਆ ਦਿੱਤੀ ਅਤੇ 3,420 ਜ਼ਖਮੀ ਹੋਏ। ਜਦੋਂ ਕਿ ਪੰਜਾਬ ਵਿੱਚ 2,099 ਲੋਕਾਂ ਦੀ ਮੌਤ ਹੋ ਗਈ ਅਤੇ 1,663 ਜ਼ਖਮੀ ਹੋਏ।
ਪੰਜਾਬ ਵਿੱਚ ਵੱਧ ਸਾਈਕਲ ਸਵਾਰਾਂ ਦੀ ਹੋਈ ਮੌਤ
ਪੰਜਾਬ ਵਿੱਚ 2022 ਵਿੱਚ ਸੜਕ ਹਾਦਸਿਆਂ ਵਿੱਚ ਘੱਟੋ-ਘੱਟ 215 ਸਾਈਕਲ ਸਵਾਰਾਂ ਦੀ ਮੌਤ ਹੋ ਗਈ ਅਤੇ 112 ਜ਼ਖ਼ਮੀ ਹੋਏ। ਜਦਕਿ ਹਰਿਆਣਾ ਵਿਚ 114 ਮੌਤਾਂ ਹੋਈਆਂ ਅਤੇ 120 ਲੋਕ ਜ਼ਖਮੀ ਹੋਏ ਹਨ। 2022 ਵਿੱਚ, ਹਰਿਆਣਾ ਵਿੱਚ 1,164 ਪੈਦਲ ਯਾਤਰੀਆਂ ਦੀ ਮੌਤ ਹੋ ਗਈ ਅਤੇ 1,663 ਜ਼ਖਮੀ ਹੋਏ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 609 ਲੋਕਾਂ ਦੀ ਜਾਨ ਚਲੀ ਗਈ ਅਤੇ 241 ਲੋਕ ਜ਼ਖਮੀ ਹੋਏ।