Russia-Ukraine War: ਯੂਕਰੇਨ 'ਚ ਫਸੇ 900 ਤੋਂ ਵੱਧ ਪੰਜਾਬੀ ਵਿਦਿਆਰਥੀ, ਕੇਂਦਰ ਸਰਕਾਰ ਨੂੰ ਭੇਜੇ ਜਾ ਰਹੇ ਵੇਰਵੇ
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਵਿਦਿਆਰਥੀਆਂ ਦੇ ਦਿਲ ਦਹਿਲਾ ਦੇਣ ਵਾਲੇ ਵੀਡੀਓ ਸਾਹਮਣੇ ਆ ਰਹੇ ਹਨ।
Russia-Ukraine War: ਪੰਜਾਬ ਸਰਕਾਰ ਨੂੰ ਯੂਕਰੇਨ ਵਿੱਚ ਫਸੇ 500 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਦੀ ਸੂਚਨਾ ਮਿਲੀ ਹੈ। ਇਸ ਦੇ ਆਧਾਰ 'ਤੇ ਅੰਦਾਜ਼ਾ ਲਾਇਆ ਗਿਆ ਹੈ ਕਿ ਸੂਬੇ ਦੇ 900 ਤੋਂ ਵੱਧ ਵਿਦਿਆਰਥੀ ਪੜ੍ਹਾਈ ਲਈ ਯੂਕਰੇਨ ਗਏ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੇ ਕੀਤੇ ਵੇਰਵੇ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਗਏ ਹਨ।
ਦੱਸ ਦਈਏ ਕਿ ਜ਼ਿਲ੍ਹਿਆਂ ਦੇ ਡੀਸੀ ਤੇ ਐਸਪੀ ਦਫ਼ਤਰਾਂ ਵਿੱਚ ਪੁੱਜਣ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਜੋ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਉਸ ਡਾਟਾ ਨੂੰ ਕੰਟਰੋਲ ਰੂਮ ਵੱਲੋਂ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਕਪੂਰਥਲਾ ਜ਼ਿਲ੍ਹੇ ਦੇ 27, ਜਲੰਧਰ ਦੇ 53, ਫਰੀਦਕੋਟ ਤੋਂ 12, ਨਵਾਂਸ਼ਹਿਰ ਦੇ 28, ਲੁਧਿਆਣਾ ਦੇ 38 ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਣ ਦੀ ਸੂਚਨਾ ਹੈ।
ਇਸ ਤੋਂ ਇਲਾਵਾ ਅਜੇ ਵੀ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਵੱਲੋਂ ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਕਾਰਵਾਈ ਜਾਰੀ ਹੈ। ਦੂਜੇ ਪਾਸੇ ਯੂਕਰੇਨ ਤੋਂ ਪਰਤੀ ਇੱਕ ਵਿਦਿਆਰਥਣ ਨੇ ਉਥੇ ਫਸੇ ਜ਼ਿਲ੍ਹੇ ਦੇ 52 ਵਿਦਿਆਰਥੀਆਂ ਦੀ ਸੂਚੀ ਅੰਮ੍ਰਿਤਸਰ ਦੇ ਡੀਸੀ ਨੂੰ ਸੌਂਪੀ ਹੈ।
ਉਧਰ, ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਵਿਦਿਆਰਥੀਆਂ ਦੇ ਦਿਲ ਦਹਿਲਾ ਦੇਣ ਵਾਲੇ ਵੀਡੀਓ ਸਾਹਮਣੇ ਆ ਰਹੇ ਹਨ। ਯੂਕਰੇਨ-ਪੋਲੈਂਡ ਸਰਹੱਦ 'ਤੇ ਸਾਡੇ ਬੱਚਿਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਮੈਂ ਜਾਣਦਾ ਹਾਂ ਕਿ ਇਹ ਮੁਸ਼ਕਲ ਸਮਾਂ ਹੈ, ਪਰ ਸਾਡੇ ਹਜ਼ਾਰਾਂ ਬੱਚੇ ਅਜੇ ਵੀ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਹੋਏ ਹਨ। ਬੱਚਿਆਂ ਕੋਲ ਆਵਾਜਾਈ ਦਾ ਕੋਈ ਸਾਧਨ ਨਹੀਂ ਤੇ ਉਹ ਕਈ ਦਿਨਾਂ ਤੋਂ ਭੁੱਖੇ-ਪਿਆਸੇ ਵੀ ਹਨ।