ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ, ਹੁਣ ਤੱਕ 74 ਉਮੀਦਵਾਰਾਂ ਦਾ ਫੈਸਲਾ
ਅਕਾਲੀ ਦਲ ਨੇ ਸੁਨਾਮ ਤੋਂ ਬਲਦੇਵ ਸਿੰਘ ਮਾਨ, ਪਟਿਆਲਾ ਤੋਂ ਹਰਪਾਲ ਜੁਨੇਜਾ, ਬੱਲੂਆਣਾ ਤੋਂ ਹਰਦੇਵ ਸਿੰਘ ਤੇ ਲਹਿਰਾ ਤੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਮੀਦਵਾਰ ਐਲਾਨਿਆ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਸੁਨਾਮ ਤੋਂ ਬਲਦੇਵ ਸਿੰਘ ਮਾਨ, ਪਟਿਆਲਾ ਤੋਂ ਹਰਪਾਲ ਜੁਨੇਜਾ, ਬੱਲੂਆਣਾ ਤੋਂ ਹਰਦੇਵ ਸਿੰਘ ਤੇ ਲਹਿਰਾ ਤੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਮੀਦਵਾਰ ਐਲਾਨਿਆ ਹੈ।
ਦੱਸ ਦਈਏ ਕਿ ਇਸ ਨਾਲ ਪਾਰਟੀ ਨੇ ਹੁਣ ਤੱਕ 74 ਉਮੀਦਵਾਰ ਐਲਾਨ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਸਮਝੌਤੇ ਤਹਿਤ 97 ਸੀਟਾਂ 'ਤੇ ਚੋਣ ਲੜਨੀ ਹੈ।
ਇਸ ਤੋਂ ਪਹਿਲਾਂ ਸਤੰਬਰ ਮਹੀਨੇ ਅਕਾਲੀ ਦਲ ਨੇ 64 ਉਮੀਦਵਾਰਾਂ ਦੀ ਸੂਚੀ ਪਹਿਲੀ ਜਾਰੀ ਕੀਤੀ ਸੀ। ਫ਼ਿਰੋਜ਼ਪੁਰ ਸੀਟ ਤੋਂ ਲੋਕ ਸਭਾ ਮੈਂਬਰ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਖੁਦ ਇਸ ਚੋਣ ਵਿੱਚ ਮੈਦਾਨ ਵਿੱਚ ਹੋਣਗੇ। ਉਨ੍ਹਾਂ ਨੇ ਮਾਲਵਾ ਪੱਛਮੀ ਜ਼ੋਨ ਦੀ ਜਲਾਲਾਬਾਦ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ।
Shiromani Akali Dal (SAD) announces a list of 64 candidates for the upcoming polls to the State Legislative Assembly of Punjab. pic.twitter.com/WcuthxDpGN
— ANI (@ANI) September 13, 2021
ਕਿਸ ਨੂੰ ਕਿਥੋਂ ਦੀ ਟਿਕਟ ਮਿਲੀ?
ਪਾਰਟੀ ਨੇ ਗੁਰਬਚਨ ਸਿੰਘ ਬੱਬੇਹਾਲੀ ਨੂੰ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਤੋਂ ਇਲਾਵਾ, ਅੰਮ੍ਰਿਤਸਰ ਉੱਤਰੀ ਤੋਂ ਅਨਿਲ ਜੋਸ਼ੀ, ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਦਲਬੀਰ ਸਿੰਘ ਵਰਕਾ ਅਤੇ ਅੰਮ੍ਰਿਤਸਰ ਦੱਖਣ ਤੋਂ ਤਲਬੀਰ ਸਿੰਘ ਗਿੱਲ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ ਸੀ।
ਅਕਾਲੀ ਪਾਰਟੀ ਨੇ ਲੁਧਿਆਣਾ ਕੇਂਦਰੀ ਸੀਟ ਲਈ ਪ੍ਰੀਤਪਾਲ ਸਿੰਘ ਪਾਲੀ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਲੁਧਿਆਣਾ ਪੱਛਮੀ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਲੁਧਿਆਣਾ ਪੂਰਬੀ ਤੋਂ ਰਣਜੀਤ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਮੱਖਣ ਬਰਜਿੰਦਰ ਸਿੰਘ ਨੂੰ ਮੋਗਾ ਸੀਟ ਤੋਂ ਅਤੇ ਜੋਗਿੰਦਰ ਸਿੰਘ ਜਿੰਦੂ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਬਣਾਇਆ ਗਿਆ ਸੀ।
ਪਾਰਟੀ ਨੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਹੰਸਰਾਜ ਜੋਸਨ, ਫਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ, ਬਰਨਾਲਾ ਸੀਟ ਤੋਂ ਕੁਲਵਤ ਸਿੰਘ ਕਾਂਤਾ, ਪਟਿਆਲਾ ਦੀ ਨਾਭਾ ਸੀਟ ਤੋਂ ਕਬੀਰ ਦਾਸ ਅਤੇ ਪਟਿਆਲਾ ਦੀ ਸਨੌਰ ਸੀਟ ਤੋਂ ਹਰਿੰਦਰ ਸਿੰਘ ਚੰਦੂਮਾਜਰਾ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਸੀ।