Punjab News: ਆਮ ਆਦਮੀ ਕਲੀਨਿਕਾਂ 'ਚ ਮਰੀਜ਼ਾਂ ਦਾ 'ਘਾਲਾਮਾਲਾ'? ਕਥਿਤ ਘੁਟਾਲੇ ਦੀ ਪੂਰੀ ਜਾਂਚ ਜਾਂ ਵਿਸ਼ੇਸ਼ ਆਡਿਟ ਹੋਏ- ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਚ AAP ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਮਾਡਲ ਸ਼ੁਰੂ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Punjab News: ਪੰਜਾਬ ਵਿਚਲੇ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਫ਼ਰਜ਼ੀਵਾੜਾ ਹੋਣ ਦੇ ਇਲਜ਼ਾਮ ਲੱਗੇ ਹਨ। ਸੂਤਰਾਂ ਮੁਤਾਬਕ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਵਿਖਾਈ ਜਾ ਰਹੀ ਹੈ। ਅਜਿਹੇ ਮਾਮਲੇ ਪਟਿਆਲਾ ਤੇ ਲੁਧਿਆਣਾ ਵਿੱਚ ਆਏ ਹਨ। ਮੀਡੀਆ ਵਿੱਚ ਚਰਚਾ ਹੋਣ ਮਗਰੋਂ ਜਾਂਚ ਵੀ ਕਰਵਾਈ ਜਾ ਰਹੀ ਹੈ।
ਉਧਰ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਮਾਡਲ ਸ਼ੁਰੂ ਕਰਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿਹਤ ਵਿਭਾਗ ਦੇ ਕੁੱਝ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸੇ ਵੱਡੇ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁਹੱਲਾ ਤੇ ਆਮ ਆਦਮੀ ਕਲੀਨਿਕਾਂ ਵਿੱਚ ਕਥਿਤ ਘੁਟਾਲੇ ਦੀ ਪੂਰੀ ਜਾਂਚ ਜਾਂ ਵਿਸ਼ੇਸ਼ ਆਡਿਟ ਕੀਤਾ ਜਾਣਾ ਚਾਹੀਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਆਮ ਆਦਮੀ ਕਲੀਨਿਕਾਂ ਵਿੱਚ ਫ਼ਰਜ਼ੀ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਸਿਹਤ ਮਹਿਕਮੇ ਵੱਲੋਂ ਫ਼ਰਜ਼ੀ ਮਰੀਜ਼ਾਂ ਦੀ ਗੁੰਜਾਇਸ਼ ਨੂੰ ਰੋਕਣ ਵਾਸਤੇ ਸਿੱਧਾ ਮਰੀਜ਼ਾਂ ਨਾਲ ਸੰਪਰਕ ਸਾਧਣਾ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਪਟਿਆਲਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਪੰਜ ਆਮ ਆਦਮੀ ਕਲੀਨਿਕਾਂ ਦੇ ਵਿਸ਼ੇਸ਼ ਆਡਿਟ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਨੂੰ ਪਾਰ ਕਰ ਰਿਹਾ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ 75 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ ਬਹੁਤੇ ਕਲੀਨਿਕਾਂ ਵਿਚ ਪ੍ਰਤੀ ਕਲੀਨਿਕ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਰਹੀ ਹੈ। ਹਾਲਾਂਕਿ ਕਲੀਨਿਕਾਂ ਵਿੱਚ ਡਾਕਟਰਾਂ ਦਾ ਡਿਊਟੀ ਸਮਾਂ ਛੇ ਘੰਟੇ ਹੈ ਤੇ ਜੇ ਪ੍ਰਤੀ ਮਰੀਜ਼ ਡਾਕਟਰ ਪੰਜ ਮਿੰਟ ਵੀ ਦਿੰਦਾ ਹੈ ਤਾਂ ਛੇ ਘੰਟਿਆਂ ਵਿਚ 72 ਮਰੀਜ਼ਾਂ ਨੂੰ ਹੀ ਚੈੱਕ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਪੰਜਾਬ ਵਿਚ ਇਸ ਵੇਲੇ 664 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚ ਕਰੀਬ 59 ਲੱਖ ਮਰੀਜ਼ਾਂ ਦੀ ਜਾਂਚ ਹੋਈ ਹੈ। ਸਿਹਤ ਮਹਿਕਮੇ ਦੇ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਪੰਜਾਬ ਦੀ ਔਸਤ ਦੇਖੀਏ ਤਾਂ ਪ੍ਰਤੀ ਕਲੀਨਿਕ 80 ਮਰੀਜ਼ਾਂ ਦੀ ਰੋਜ਼ਾਨਾ ਦੀ ਔਸਤ ਆ ਰਹੀ ਹੈ।
ਉਧਰ, ਸਿਹਤ ਮੰਤਰੀ ਡਾ.ਬਲਵੀਰ ਸਿੰਘ ਦਾ ਕਹਿਣਾ ਸੀ ਕਿ ਜਿੱਥੇ ਕਿਤੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉੱਥੇ ਆਮ ਆਦਮੀ ਕਲੀਨਿਕਾਂ ਵਿੱਚ ਸ਼ਾਮ ਦੀ ਸ਼ਿਫ਼ਟ ਸ਼ੁਰੂ ਕਰਨ ਦੀ ਯੋਜਨਾ ਹੈ। ਕਲੀਨਿਕਾਂ ਵਿੱਚ ਮਰੀਜ਼ਾਂ ਦੀ ਰਜਿਸਟਰੇਸ਼ਨ ਆਨਲਾਈਨ ਹੁੰਦੀ ਹੈ ਤੇ ਹਰ ਮਰੀਜ਼ ਦਾ ਫ਼ੋਨ ਨੰਬਰ ਮਹਿਕਮੇ ਕੋਲ ਹੁੰਦਾ ਹੈ ਜਿਨ੍ਹਾਂ ਦੇ ਆਧਾਰ ’ਤੇ ਚੈਕਿੰਗ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗ਼ਲਤ ਹੋਣ ਦੀ ਸੂਰਤ ਵਿਚ ਕਾਰਵਾਈ ਵੀ ਕੀਤੀ ਜਾਂਦੀ ਹੈ।