ਪੰਜਾਬ ਕਾਂਗਰਸ ਨੂੰ ਇੱਕ ਹੋਰ ਝਟਕਾ, ਅਸ਼ਵਨੀ ਸੇਖੜੀ ਹੋਣਗੇ ਬੀਜੇਪੀ 'ਚ ਸ਼ਾਮਲ
Punjab News: ਕਾਂਗਰਸ ਦੇ ਸੀਨੀਅਰ ਆਗੂ ਤੇ ਚਾਰ ਵਾਰ ਵਿਧਾਇਕ ਰਹੇ ਅਸ਼ਵਨੀ ਸੇਖੜੀ ਅੱਜ ਬੀਜੇਪੀ ਵਿੱਚ ਸ਼ਾਮਲ ਹੋਣਗੇ।
Punjab News: ਪੰਜਾਬ ਕਾਂਗਰਸ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਚਾਰ ਵਾਰ ਵਿਧਾਇਕ ਰਹੇ ਅਸ਼ਵਨੀ ਸੇਖੜੀ ਅੱਜ ਬੀਜੇਪੀ ਵਿੱਚ ਸ਼ਾਮਲ ਹੋਣਗੇ। ਉਹ ਦਿੱਲੀ ਵਿੱਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ।
ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੇਖੜੀ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਕੰਮਕਾਜ ਤੋਂ ਅਸੰਤੁਸ਼ਟ ਸਨ ਤੇ ਉਨ੍ਹਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਇਸ ਲਈ ਉਹ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਲੀਡਰ ਬੀਜੇਪੀ ਵਿੱਚ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਕੋਲ ਤਜਰਬੇ ਦੀ ਘਾਟ, ਜੇ ਡਰੇਨਾਂ ਦੀ ਸਫਾਈ ਤੇ ਬੰਨ੍ਹ ਮਜ਼ਬੂਤ ਕੀਤੇ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ: ਸੁਖਬੀਰ ਬਾਦਲ
ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੀ ਗੱਲ ਕਰੀਏ ਤਾਂ ਉਹ 4 ਵਾਰ ਬਟਾਲਾ ਤੋਂ ਵਿਧਾਇਕ ਰਹੇ ਤੇ ਮਾਝੇ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਕਦੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਰਹੇ ਤੇ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਵਾਲੇ ਸੇਖੜੀ ਪਿਛਲੇ ਕੁਝ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ।
ਨਹੀਂ ਹੋਏਗਾ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ, ਜਾਖੜ ਦੇ ਸਟੈਂਡ 'ਤੇ ਰੂਪਾਨੀ ਦੀ ਮੋਹਰ
ਉਧਰ, ਬੀਜੇਪੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਨੂੰ ਤਿਆਰ ਨਹੀਂ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਨੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਸਟੈਂਡ ਉੱਪਰ ਮੋਹਰ ਲਾਈ ਹੈ। ਜਾਖੜ ਤੋਂ ਬਾਅਦ ਰੂਪਾਨੀ ਨੇ ਇੱਕ ਵਾਰ ਫਿਰ ਭਾਜਪਾ ਤੇ ਅਕਾਲੀ ਦਲ ਵਿਚਾਲੇ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਰੁਪਾਨੀ ਨੇ ਉਂਝ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਜਨੀਤੀ ਵਿੱਚ ਸਮਾਂ ਸ਼ਕਤੀਸ਼ਾਲੀ ਹੁੰਦਾ ਹੈ ਪਰ ਅੱਜ ਤੱਕ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ।
ਰੁਪਾਨੀ ਨੇ ਕਿਹਾ ਕਿ ਜੇਕਰ ਭਾਜਪਾ ਪੰਜਾਬ 'ਚ ਆਉਂਦੀ ਹੈ ਤਾਂ ਸੂਬੇ ਦੇ ਹਾਲਾਤ ਬਿਹਤਰ ਹੋ ਸਕਦੇ ਹਨ। ਗੁਜਰਾਤ ਦੀ ਤਰਜ਼ 'ਤੇ ਪੰਜਾਬ ਨੂੰ ਆਪਣਾ ਗੁਆਚਿਆ ਵੱਕਾਰ ਮੁੜ ਹਾਸਲ ਕਰਨ ਲਈ ਵੋਟ ਬੈਂਕ ਦੀ ਰਾਜਨੀਤੀ ਤੋਂ ਵਿਕਾਸ ਦੀ ਰਾਜਨੀਤੀ ਵੱਲ ਬਦਲਣ ਦੀ ਲੋੜ ਹੈ।
ਦੂਜੇ ਪਾਸੇ ਰੁਪਾਨੀ ਨੇ ਸੁਨੀਲ ਜਾਖੜ ਦੇ ਪੰਜਾਬ ਬੀਜੇਪੀ ਦੀ ਕਮਾਨ ਸੰਭਾਲਣ ਨੂੰ ਸ਼ੁਭ ਸੰਕੇਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲੀਡਰਸ਼ਿਪ ਤਬਦੀਲੀ ਇੱਕ ਕੁਦਰਤੀ ਪ੍ਰਕਿਰਿਆ ਹੈ। ਭਾਜਪਾ ਨੇ ਪੰਜਾਬ ਵਿੱਚ ਰਣਨੀਤਕ ਤੌਰ 'ਤੇ ਵਿਸਥਾਰ ਤੇ ਅੱਗੇ ਵਧਣ ਦੀ ਯੋਜਨਾ ਬਣਾਈ ਹੈ। ਲੋਕ 'ਆਪ' ਤੋਂ ਨਾਰਾਜ਼ ਤੇ ਨਿਰਾਸ਼ ਹਨ। ਲੋਕ ਹੁਣ ਸੂਬੇ ਵਿੱਚ ਬਦਲਾਅ ਕਰਕੇ ਪਛਤਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।