Punjab News: ਸੈਸ਼ਨ ਦੇ ਪਹਿਲੇ ਦਿਨ 11 ਮਿੰਟ 'ਚ ਮੁਕੰਮਲ ਹੋਈ ਕਾਰਵਾਈ, ਜਾਣੋ ਵਜ੍ਹਾ...ਵਿਰੋਧੀ ਧਿਰ ਨੇ ਸੂਬਾ ਸਰਕਾਰ 'ਤੇ ਕੱਸੇ ਤੰਜ਼
ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਅੱਜ (10 ਜੁਲਾਈ) ਤੋਂ ਸ਼ੁਰੂ ਹੋਇਆ। ਪਹਿਲੇ ਦਿਨ ਦੀ ਕਾਰਵਾਈ ਸਿਰਫ਼ 11 ਮਿੰਟਾਂ 'ਚ ਹੀ ਮੁਕੰਮਲ ਹੋ ਗਈ। ਹਾਲਾਂਕਿ ਇਹ ਸੈਸ਼ਨ ਬੇਅਦਬੀ ਮਾਮਲੇ ਵਿੱਚ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਬੁਲਾਇਆ..

ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਅੱਜ (10 ਜੁਲਾਈ) ਤੋਂ ਸ਼ੁਰੂ ਹੋਇਆ। ਪਹਿਲੇ ਦਿਨ ਦੀ ਕਾਰਵਾਈ ਸਿਰਫ਼ 11 ਮਿੰਟਾਂ 'ਚ ਹੀ ਮੁਕੰਮਲ ਹੋ ਗਈ। ਇਸ ਦੌਰਾਨ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਲੇਖਕ ਡਾ. ਰਤਨ ਸਿੰਘ ਜੱਗੀ, ਸ਼ਹੀਦ ਨਾਇਕ ਸੁਰਿੰਦਰ ਸਿੰਘ, ਬਲਜੀਤ ਸਿੰਘ ਦੇ ਨਾਲ-ਨਾਲ ਅਹਿਮਦਾਬਾਦ ਪਲੇਨ ਕ੍ਰੈਸ਼ ਵਿੱਚ ਮਾਰੇ ਗਏ ਲੋਕਾਂ ਅਤੇ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ 11 ਜੁਲਾਈ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਬਾਜਵਾ ਨੇ ਸਰਕਾਰ ਨੂੰ ਘੇਰਿਆ
ਹਾਲਾਂਕਿ ਇਹ ਸੈਸ਼ਨ ਬੇਅਦਬੀ ਮਾਮਲੇ ਵਿੱਚ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਬੁਲਾਇਆ ਗਿਆ ਹੈ, ਪਰ ਸੈਸ਼ਨ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੱਲ੍ਹ ਜੋ ਬਿਲ ਪੇਸ਼ ਕੀਤਾ ਜਾਣਾ ਹੈ, ਉਸ ਦੀ ਕੋਈ ਵੀ ਕਾਪੀ ਅਜੇ ਤੱਕ ਸਾਡੇ ਕੋਲ ਨਹੀਂ ਆਈ। ਜੇਕਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੁੰਦੀ, ਤਾਂ ਇੱਕ-ਦੋ ਦਿਨ ਪਹਿਲਾਂ ਸਾਨੂੰ ਬਿੱਲ ਦੀ ਕਾਪੀ ਦੇ ਦਿੰਦੀ, ਜਿਸ ਦਾ ਅਸੀਂ ਅਧਿਐਨ ਕਰ ਸਕਦੇ।
ਉਨ੍ਹਾਂ ਕਿਹਾ ਕਿ ਅਸੀਂ ਸਪੀਕਰ ਨੂੰ ਬੇਨਤੀ ਕੀਤੀ ਸੀ ਕਿ ਸੈਸ਼ਨ ਦੀ ਮਿਆਦ ਵਧਾਈ ਜਾਵੇ। ਇੱਕ ਦਿਨ ਕਾਨੂੰਨ-ਵਿਵਸਥਾ ਅਤੇ ਇੱਕ ਦਿਨ ਲੈਂਡ ਪੂਲਿੰਗ ਦੇ ਮਸਲੇ 'ਤੇ ਚਰਚਾ ਲਈ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਪਛਾਣ "ਜੈ ਜਵਾਨ, ਜੈ ਕਿਸਾਨ" ਸੀ। ਜਵਾਨਾਂ ਦੀ ਪਛਾਣ ਮੋਦੀ ਨੇ ਖਤਮ ਕਰ ਦਿੱਤੀ, ਹੁਣ ਕਿਸਾਨਾਂ ਨੂੰ ਇਹਨਾਂ ਨੇ ਖਤਮ ਕਰ ਦੇਣਾ ਹੈ।
ਬਾਜਵਾ ਨੇ ਦਾਅਵਾ ਕੀਤਾ ਕਿ ਲੈਂਡ ਪੂਲਿੰਗ ਬਿਲ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਪਹਿਲਾਂ ਖੁਦ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਸੀਐਮ ਮਾਨ ਨੂੰ ਪਤਾ ਸੀ ਕਿ ਜੇ ਉਹ ਹਸਤਾਖਰ ਕਰਦੇ ਹਨ ਤਾਂ ਫਸਣਗੇ। ਇਸ ਕਰਕੇ ਉਨ੍ਹਾਂ ਨੇ ਪਹਿਲਾਂ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਦੋ ਘੰਟੇ ਬਾਅਦ ਹਸਤਾਖਰ ਕਰ ਦਿੱਤੇ। ਬਾਜਵਾ ਨੇ ਸਵਾਲ ਚੁੱਕਿਆ ਕਿ ਜੇ ਇਹ ਬਿੱਲ ਠੀਕ ਹੈ ਤਾਂ ਅਧਿਕਾਰ ਮੁੱਖ ਸਕੱਤਰ ਨੂੰ ਕਿਉਂ ਦਿੱਤੇ ਗਏ ਹਨ? ਅਸਲ ਵਿੱਚ 2027 ਵਿੱਚ ਸਰਕਾਰ ਬਦਲ ਜਾਏਗੀ ਅਤੇ ਮੁੱਖ ਸਕੱਤਰ 2027 ਵਿੱਚ ਸਰਕਾਰ ਬਦਲਣ ਦੇ 2-3 ਮਹੀਨੇ ਬਾਅਦ ਰਿਟਾਇਰ ਹੋ ਜਾਣਗੇ। ਸੋਚੋ, ਫਿਰ ਉਸ ਤੋਂ ਬਾਅਦ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















