ਕੁਦਰਤ ਦੀ ਕਿਸਾਨਾਂ ਨੂੰ ਮਾਰ, ਪੱਕਣ ਕੰਢੇ ਖੜ੍ਹੀ ਫਸਲ ਦਾ ਭਾਰੀ ਨੁਕਸਾਨ, 50 ਫੀਸਦ ਝਾੜ ਘੱਟਣ ਦੀ ਸੰਭਾਵਨਾ
ਕਣਕ ਦੇ ਸੀਜ਼ਨ ਵਿੱਚ ਵਧੀਆ ਝਾੜ ਲਈ ਆਸਵੰਦ ਬੈਠੇ ਕਿਸਾਨਾਂ ਨੂੰ ਕੁਦਰਤ ਨੇ ਝੰਬਿਆ ਹੈ। ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਚੱਲੀਆਂ ਤੇਜ ਹਵਾਵਾਂ ਨੇ ਪੱਕਣ ਕਿਨਾਰੇ ਖੜ੍ਹੀ ਫਸਲ ਨੂੰ ਜ਼ਮੀਨ ਤੇ ਵਿਛਾ ਦਿੱਤਾ ਹੈ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਕਣਕ ਦੇ ਸੀਜ਼ਨ ਵਿੱਚ ਵਧੀਆ ਝਾੜ ਲਈ ਆਸਵੰਦ ਬੈਠੇ ਕਿਸਾਨਾਂ ਨੂੰ ਕੁਦਰਤ ਨੇ ਝੰਬਿਆ ਹੈ। ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਚੱਲੀਆਂ ਤੇਜ ਹਵਾਵਾਂ ਨੇ ਪੱਕਣ ਕਿਨਾਰੇ ਖੜ੍ਹੀ ਫਸਲ ਨੂੰ ਜ਼ਮੀਨ ਤੇ ਵਿਛਾ ਦਿੱਤਾ ਹੈ। 2019 ਤੋਂ ਬਆਦ ਇਸ ਵਾਰ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਪਹਿਲਾਂ ਇਹ ਵੱਡੀ ਮਾਰ ਪਈ ਹੈ।
ਕਿਸਾਨਾਂ ਨੇ ਦੱਸਿਆ ਕਿ ਦੋ ਦਿਨ ਲਗਾਤਾਰ ਬਾਰਸ਼ ਹੋਣ ਕਾਰਨ ਜ਼ਮੀਨ ਪੋਲੀ ਹੋ ਗਈ ਸੀ ਜਿਸ ਕਾਰਨ ਮਿੱਟੀ ਦੀ ਪਕੜ ਫਸਲ ਦੀ ਜੜ੍ਹ ਤੋਂ ਕਮਜ਼ੋਰ ਹੋ ਗਈ ਤੇ ਬੀਤੀ ਸਾਰੀ ਰਾਤ ਚੱਲੀਆਂ ਤੇਜ ਹਵਾਵਾਂ ਨੇ ਫਸਲ ਨੂੰ ਹੇਠਾਂ ਸੁੱਟ ਦਿੱਤਾ।
ਪਿੰਡ ਕੋਟਲਾ ਡੂਮ ਦੇ ਕਿਸਾਨ ਅਮਰਪਾਲ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਤੇਜ ਹਵਾ ਲਗਾਤਾਰ ਚੱਲ ਰਹੀ ਹੈ ਤੇ ਕਣਕ ਵਿਛ ਗਈ ਹੈ, ਇਸ ਨਾਲ 50 ਫੀਸਦੀ ਝਾੜ ਘਟਣ ਦੀ ਸੰਭਾਵਨਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਮਾਰ ਪਵੇਗੀ, ਕਿਉਂਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਸੰਕਟ 'ਚ ਹੈ।
ਮੁਆਵਜ਼ੇ ਬਾਰੇ ਕਿਸਾਨ ਨੇ ਕਿਹਾ ਕਿ ਦੋ ਸਾਲ ਪਹਿਲਾਂ ਵੀ ਫਸਲ ਬਾਰਿਸ਼ ਕਾਰਨ ਬਰਬਾਦ ਹੋਈ ਸੀ ਤੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਕੋਈ ਮੁਆਵਜ਼ਾ ਤਾਂ ਦੂਰ, ਸਰਕਾਰੀ ਅਧਿਕਾਰੀ ਸਾਰ ਲੈਣ ਵੀ ਨਹੀਂ ਪੁੱਜੇ।
ਕਿਸਾਨ ਸਰਬਜੀਤ ਸਿੰਘ ਨੇ ਸਾਢੇ ਅੱਠ ਏਕੜ ਜਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਸੀ ਪਰ ਹੁਣ ਬਾਰਿਸ਼ ਨੇ ਉਨ੍ਹਾਂ ਨੂੰ ਵੱਡੀ ਮਾਰ ਮਾਰੀ ਹੈ। ਕਿਸਾਨ ਮੁਤਾਬਕ ਅੱਧੇ ਝਾੜ ਦੀ ਬਰਬਾਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਈ ਮੁਆਵਜ਼ਾ ਦੇਣਾ ਚਾਹੁੰਦੀ ਹੈ ਤਾਂ ਪ੍ਰਤੀ ਏਕੜ 25 ਤੋਂ 30 ਹਜਾਰ ਮੁਆਵਜ਼ਾ ਦੇਵੇ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :