ਕਾਬੁਲ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰ ਨੂੰ ਮਿਲੇ SGPC ਪ੍ਰਧਾਨ ਹਰਜਿੰਦਰ ਧਾਮੀ, ਮਦਦ ਦਾ ਦਿੱਤਾ ਭਰੋਸਾ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਿੱਲੀ ਪਹੁੰਚ ਕੇ ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ
ਨਵੀਂ ਦਿੱਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਿੱਲੀ ਪਹੁੰਚ ਕੇ ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਵਿਖੇ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਿਰਕਤ ਕੀਤੀ ਅਤੇ ਕਾਬੁਲ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੱਤਾ।
ਉਨ੍ਹਾਂ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਧਰਮ ਪਤਨੀ ਪਾਲ ਕੌਰ, ਵਿਦੇਸ਼ ਤੋਂ ਪਹੁੰਚੇ ਉਨ੍ਹਾਂ ਦੇ ਪੁੱਤਰ ਅਜਮੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
SGPC President S. Harjinder Singh meets family of martyr Bhai Sawinder Singh, martyred in Kabul terror attack on Gurdwara
— Shiromani Gurdwara Parbandhak Committee (SGPC) (@SGPCAmritsar) June 20, 2022
Says SGPC committed to every possible support to Afghan Sikhs#SGPCPressNote https://t.co/nfNdGy828M pic.twitter.com/gJVPQIs55k
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਫਗਾਨਿਸਤਾਨ ਦੇ ਸਿੱਖਾਂ ਦੇ ਨਾਲ ਹੈ ਅਤੇ ਲੋੜ ਪੈਣ 'ਤੇ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਅਤੇ ਹੋਰ ਭਾਰਤੀਆਂ ਦੀ ਸੁਰੱਖਿਆ ਲਈ ਸਮੇਂ ਸਿਰ ਕਦਮ ਚੁੱਕੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦਾ ਸੰਤਾਪ ਨਾ ਝੱਲਣਾ ਪਵੇ।
ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿੱਚ ਫਸੇ ਸਿੱਖਾਂ ਨੂੰ ਭਾਰਤ ਵਾਪਸ ਲਿਆ ਕੇ ਵਸਾਉਣਾ ਸਰਕਾਰਾਂ ਦਾ ਕੰਮ ਹੈ ਪਰ ਇਸ ਕੰਮ ਵਿੱਚ ਜੋ ਵੀ ਲੋੜ ਹੋਵੇਗੀ, ਸ਼੍ਰੋਮਣੀ ਕਮੇਟੀ ਉਸ ਨੂੰ ਪੂਰਾ ਕਰੇਗੀ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਰਹਿੰਦੇ ਸਾਰੇ ਸਿੱਖਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਦੇ ਰਹਿਣ ਦਾ ਠੋਸ ਪ੍ਰਬੰਧ ਕੀਤਾ ਜਾਵੇ ਅਤੇ ਉਨ੍ਹਾਂ ਦੇ ਰੁਜ਼ਗਾਰ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਸਵਿੰਦਰ ਸਿੰਘ ਦੇ ਸਪੁੱਤਰ ਅਜ਼ਮੀਤ ਸਿੰਘ ਨੂੰ ਗੁਰੂ ਬਖ਼ਸ਼ੀਸ਼ ਸਿਰੋਪਾਓ ਅਤੇ ਦਸਤਾਰ ਦੇ ਕੇ ਸਨਮਾਨਿਤ ਕੀਤਾ |
ਇਸ ਦੌਰਾਨ ਉਨ੍ਹਾਂ ਭਾਈ ਸਵਿੰਦਰ ਸਿੰਘ ਦੇ ਪਰਿਵਾਰ ਤੋਂ ਇਲਾਵਾ ਦਿੱਲੀ 'ਚ ਰਹਿ ਰਹੇ ਅਫਗਾਨ ਸਿੱਖ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਅਫਗਾਨਿਸਤਾਨ 'ਚ ਰਹਿ ਰਹੇ ਸਿੱਖਾਂ ਦੀ ਗਿਣਤੀ ਅਤੇ ਮੌਜੂਦਾ ਸਥਿਤੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ | ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁੰਦਜ਼ਈ ਨੂੰ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ।