Shiromani Akali Da: ਸ਼੍ਰੋਮਣੀ ਅਕਾਲੀ ਦਲ ਦੋਫਾੜ ! ਦੋਵਾਂ ਧਿਰਾਂ ਵੱਲੋਂ ਵੱਡਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਿਆ ਹੈ। ਬਾਦਲ ਧੜੇ ਤੇ ਬਾਗੀ ਧੜੇ ਨੇ ਆਪਣੇ-ਆਪਣੇ ਸਟੈਂਡ ਉਪਰ ਦ੍ਰਿੜ੍ਹ ਰਹਿੰਦਿਆਂ ਵੱਡੇ ਐਲਾਨ ਕਰ ਦਿੱਤੇ ਹਨ। ਬਾਗੀ ਧੜੇ ਨੇ ਕੱਲ੍ਹ 18 ਮਾਰਚ ਤੋਂ ਨਵੇਂ ਸਿਰਿਓਂ ਭਰਤੀ ਕਰਨ ਦਾ ਐਲਾਨ ਕੀਤਾ ਹੈ

Shiromani Akali Da: ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਿਆ ਹੈ। ਬਾਦਲ ਧੜੇ ਤੇ ਬਾਗੀ ਧੜੇ ਨੇ ਆਪਣੇ-ਆਪਣੇ ਸਟੈਂਡ ਉਪਰ ਦ੍ਰਿੜ੍ਹ ਰਹਿੰਦਿਆਂ ਵੱਡੇ ਐਲਾਨ ਕਰ ਦਿੱਤੇ ਹਨ। ਬਾਗੀ ਧੜੇ ਨੇ ਕੱਲ੍ਹ 18 ਮਾਰਚ ਤੋਂ ਨਵੇਂ ਸਿਰਿਓਂ ਭਰਤੀ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਬਾਦਲ ਧੜੇ ਨੇ ਪਹਿਲਾਂ ਹੀ 32 ਲੱਖ ਮੈਂਬਰ ਭਰਤੀ ਕਰਨ ਦਾ ਦਾਅਵਾ ਕਰਦਿਆਂ ਜਥੇਬੰਦਕ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਤੈਅ ਹੈ ਕਿ ਹੁਣ ਅਕਾਲੀ ਦਲ ਦੋਫਾੜ ਹੋ ਗਿਆ ਹੈ।
ਦਰਅਸਲ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਪੰਜਾਬ ਦੇ ਸਿੱਖ ਭਾਈਚਾਰੇ ਨੂੰ 18 ਮਾਰਚ ਨੂੰ ਹਰਿਮੰਦਰ ਸਾਹਿਬ ਪਹੁੰਚ ਕੇ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ ਹੈ। ਕਮੇਟੀ ਦੀ ਇਹ ਪੇਸ਼ਕਦਮੀ ਬਾਦਲ ਧੜੇ ਨੂੰ ਸਿੱਧੀ ਚੁਣੌਤੀ ਨਜ਼ਰ ਆ ਰਹੀ ਹੈ, ਜਿਸ ਨੇ 20 ਜਨਵਰੀ ਤੋਂ ਆਪਣੀ ਮੈਂਬਰਸ਼ਿਪ ਮੁਹਿੰਮ ਚਲਾ ਕੇ ਭਰਤੀ ਮੁਕੰਮਲ ਕਰ ਲਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਦੇ ਬੁਲਾਰੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ, ‘‘ਅਸੀਂ ਸਾਰੇ ਸਿੱਖਾਂ, ਪੰਜਾਬੀਆਂ ਤੇ ਪੰਥ ਹਿਤੈਸ਼ੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ 18 ਮਾਰਚ ਨੂੰ ਹਰਿਮੰਦਰ ਸਾਹਿਬ ਪਹੁੰਚਣ। ਅਰਦਾਸ ਮਗਰੋਂ ਸਵੇਰੇ 11 ਵਜੇ ਤੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਵੇਗੀ।’’
ਇਸ ਕਮੇਟੀ ਵਿੱਚ ਮਨਪ੍ਰੀਤ ਇਆਲੀ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਸਤਵੰਤ ਕੌਰ ਤੇ ਇਕਬਾਲ ਸਿੰਘ ਝੂੰਦਾਂ ਸ਼ਾਮਲ ਹਨ। ਕਮੇਟੀ ਦਾ ਦਾਅਵਾ ਹੈ ਕਿ ਇਹ ਪਹਿਲਕਦਮੀ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸਿਧਾਂਤਾਂ ਮੁਤਾਬਕ ਪੁਨਰਗਠਨ ਤੇ ਪਾਰਟੀ ਅੰਦਰ ਤਬਦੀਲੀ ਲਿਆਉਣ ਲਈ ਕੀਤੀ ਗਈ ਹੈ। ਦੂਜੇ ਪਾਸੇ ਬਾਦਲ ਧੜੇ ਨੇ ਨਵੀਂ ਭਰਤੀ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਜਥੇਬੰਦਕ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਨਵੇਂ ਸਿਰਿਓਂ ਭਰਤੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਪਾਰਟੀ ਹੈ। ਇਸ ਦੇ ਸੰਵਿਧਾਨ ਤੇ ਬਣਤਰ ਨੂੰ ਚੋਣ ਕਮਿਸ਼ਨ ਮਾਨਤਾ ਦਿੰਦਾ ਹੈ। ਕੋਈ ਵੀ ਵਿਅਕਤੀ ਜਾਂ ਸੰਗਠਨ ਇਸ ਦੇ ਨਾਮ ਤੇ ਬੈਨਰ ਹੇਠ ਬਰਾਬਰ ਮੈਂਬਰਸ਼ਿਪ ਮੁਹਿੰਮ ਨਹੀਂ ਚਲਾ ਸਕਦਾ ਤੇ ਇਹ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਹੁਣ ਤੱਕ 32 ਲੱਖ ਤੋਂ ਵੱਧ ਲੋਕ ਇਸ ਦੀ ਮੈਂਬਰਸ਼ਿਪ ਲੈ ਚੁੱਕੇ ਹਨ ਤੇ ਇਹ ਅਮਲ ਪੂਰੀ ਤਰ੍ਹਾਂ ਕਾਨੂੰਨੀ ਤੇ ਜਮਹੂਰੀ ਹੈ।
ਉਧਰ, 18 ਮਾਰਚ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਜਥੇਬੰਦਕ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਦੋਵਾਂ ਧਿਰਾਂ ਦਰਮਿਆਨ ਸਿੱਧਾ ਸ਼ਕਤੀ ਪ੍ਰਦਰਸ਼ਨ ਹੋਵੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟਕਰਾਅ ਸ਼੍ਰੋਮਣੀ ਅਕਾਲੀ ਦਲ ਅੰਦਰ ਵੱਡੀ ਫੁੱਟ ਦਾ ਸੰਕੇਤ ਹੈ, ਜਿਸ ਦਾ ਅਸਰ ਪੰਜਾਬ ਦੀ ਸਿਆਸਤ ’ਤੇ ਪੈ ਸਕਦਾ ਹੈ। ਉਂਝ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ 18 ਮਾਰਚ ਨੂੰ ਕਿਸ ਦਾ ਪੱਲੜਾ ਭਾਰੀ ਰਹਿੰਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
