New President of SGPC: ਅੱਜ ਹੋਏਗੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ; ਜਥੇਦਾਰ ਬਡੂੰਗਰ, ਘੁੰਨਸ ਤੇ ਧਾਮੀ ਦੇ ਨਾਂ ਦੀ ਚਰਚਾ
SGPC President : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਸਕਦਾ ਹੈ। ਅੱਜ ਜਨਰਲ ਇਜਲਾਸ ਵਿੱਚ ਅਹੁਦੇਦਾਰਾਂ ਦੀ ਚੋਣ ਹੋਏਗੀ। ਅਹੁਦੇ ਲਈ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਨਾਂ ਦੀ ਚਰਚਾ ਹੈ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਸਕਦਾ ਹੈ। ਅੱਜ ਜਨਰਲ ਇਜਲਾਸ ਵਿੱਚ ਅਹੁਦੇਦਾਰਾਂ ਦੀ ਚੋਣ ਹੋਏਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਚਰਚਾ ਹੈ ਕਿ ਇਸ ਵਾਰ ਵਿਧਾਨ ਸਭਾ ਨੇੜੇ ਹੋਣ ਕਰਕੇ ਵੱਡਾ ਫੇਰ-ਬਦਲ ਹੋ ਸਕਦਾ ਹੈ। ਵੋਟ ਬੈਂਕ ਨੂੰ ਧਿਆਨ ਵਿੱਚ ਰੱਖ ਕੇ ਅਹੁਦੇ ਦਿੱਤੇ ਜਾ ਸਕਦੇ ਹਨ।
ਸੂਤਰਾਂ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਨਾਂ ਦੀ ਚਰਚਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਦਲਿਤਾਂ ਨੂੰ ਲੈ ਕੇ ਚੱਲ ਰਹੀ ਸਿਆਸਤ ਕਰਕੇ ਬਲਵੀਰ ਸਿੰਘ ਘੁੰਨਸ ਨੂੰ ਵੀ ਪ੍ਰਧਾਨ ਬਣਾ ਸਕਦਾ ਹੈ। ਚਾਰ ਵਾਰ ਵਿਧਾਇਕ ਤੇ ਪਾਰਲੀਮਾਨੀ ਸਕੱਤਰ ਰਹੇ ਘੁੰਨਸ 10 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ। ਉਹ ਮਹਿਲ ਕਲਾਂ ਦੇ ਹਲਕਾ ਇੰਚਾਰਜ ਵੀ ਹਨ ਪਰ ਸਮਝੌਤੇ ਤਹਿਤ ਇਹ ਸੀਟ ਬਸਪਾ ਨੂੰ ਆ ਗਈ। ਇਸ ਤਰ੍ਹਾਂ ਘੁੰਨਸ ਨੂੰ ਅਕਾਲੀ ਦਲ ਦੀ ਟਿਕਟ ਤੋਂ ਵੀ ਵਾਂਝਾ ਰੱਖਣ ਦੀ ਕਾਰਵਾਈ ਤੋਂ ਘੁੰਨਸ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਕਿਆਸਅਰਾਈਆਂ ਹਨ।
ਇਸੇ ਤਰ੍ਹਾਂ ਸ਼ਾਮਚੁਰਾਸੀ ਤੋਂ 25 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੱਲੇ ਆ ਰਹੇ ਤੇ ਸਾਲ ਭਰ ਤੋਂ ਕਮੇਟੀ ਦੇ ਆਨਰੇਰੀ ਚੀਫ ਸੈਕਟਰੀ ਵਜੋਂ ਕਾਰਜਸ਼ੀਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਵੀ ਪ੍ਰਧਾਨਗੀ ਲਈ ਵਧੇਰੇ ਚਰਚਾ ਹੈ। ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਤੇ ਤਜਰਬੇਕਾਰ ਹਨ। ਉਧਰ, ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਇਸ ਵਾਰ ਪੰਥਕ ਪਰਿਵਾਰ ਨਾਲ ਸਬੰਧਤ ਬੀਬੀ ਕਿਰਨਜੋਤ ਕੌਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨੋਂ ਆਏ ਸਿੱਖਾਂ ਨੂੰ ਹਰ ਵਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਮਾਸਟਰ ਤਾਰਾ ਸਿੰਘ ਦੀ ਉਮਰ ਭਰ ਦੀ ਕੁਰਬਾਨੀ ਤੇ ਬੀਬੀ ਕਿਰਨਜੋਤ ਕੌਰ ਦੇ ਸਿੱਖ ਧਰਮ ਲਈ ਅਡੋਲ ਵਿਸ਼ਵਾਸ ਤੇ ਵਿੱਦਿਅਕ ਯੋਗਤਾ ਦੀ ਕਦਰ ਕਰਦਿਆਂ ਇਸ ਵਾਰ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਕੋਲ ਇਸ ਵਾਰ ਆਪਣੀਆਂ ਅਤੀਤ ਦੀਆਂ ਗਲਤੀਆਂ ਨੂੰ ਬਖ਼ਸ਼ਾਉਣ ਦਾ ਸੁਨਹਿਰੀ ਮੌਕਾ ਹੈ।
ਇਹ ਵੀ ਪੜ੍ਹੋ: Corona New Variant: 'ਓਮੀਕਰੋਨ' ਕੋਵਿਡ ਵੇਰੀਐਂਟ ਦੀ ਪਹਿਲੀ ਤਸਵੀਰ ਆਈ ਸਾਹਮਣੇ, ਡੈਲਟਾ ਨਾਲੋਂ ਕਈ ਹੋਰ ਪਰਿਵਰਤਨ ਦਿਖਾਉਂਦੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: