Punjab Election 2022: ਸੀਐਮ ਚਿਹਰੇ ਦੀ ਜੰਗ 'ਚ ਜਾਖੜ ਦਾ ਵੱਡਾ ਦਾਅਵਾ: ਮੇਰੇ ਹੱਕ 'ਚ ਸੀ 42 ਵਿਧਾਇਕ, ਸਿਰਫ਼ 2 ਵਿਧਾਇਕਾਂ ਨੇ ਲਿਆ ਚਰਨਜੀਤ ਚੰਨੀ ਦਾ ਨਾਂ
ਸੁਨੀਲ ਜਾਖੜ ਨੇ ਹੁਣ ਆਪਣਾ ਦਰਦ ਬਿਆਨ ਕੀਤਾ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਵਿਧਾਇਕਾਂ ਦਾ ਸਮਰਥਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ।
Punjab Election 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 2021 'ਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਦੀ ਵੋਟਿੰਗ ਹੋਈ ਸੀ। ਇਸ 'ਚ 79 ਵਿੱਚੋਂ 42 ਵਿਧਾਇਕ ਉਨ੍ਹਾਂ ਦੇ ਹੱਕ 'ਚ ਸਨ। ਚਰਨਜੀਤ ਚੰਨੀ ਨੂੰ ਸਿਰਫ਼ 2 ਵਿਧਾਇਕਾਂ ਨੇ ਹੀ ਸਮਰਥਨ ਦਿੱਤਾ ਸੀ। ਇਸ ਦੇ ਬਾਵਜੂਦ ਉਹ ਸੀਐਮ ਬਣ ਗਏ। ਸੁਨੀਲ ਜਾਖੜ ਨੇ ਇਹ ਗੱਲ ਪਹਿਲੀ ਵਾਰ ਕਾਂਗਰਸੀ ਉਮੀਦਵਾਰ ਦੇ ਪ੍ਰਚਾਰ ਦੌਰਾਨ ਕਹੀ।
ਜਾਖੜ ਨੇ ਕਿਹਾ ਕਿ ਵੋਟਿੰਗ 'ਚ ਉਨ੍ਹਾਂ ਤੋਂ ਬਾਅਦ 16 ਵਿਧਾਇਕਾਂ ਨੇ ਸੁਖਜਿੰਦਰ ਰੰਧਾਵਾ, 12 ਵਿਧਾਇਕਾਂ ਨੇ ਕੈਪਟਨ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਲਿਆ ਸੀ। ਨਵਜੋਤ ਸਿੱਧੂ ਦੇ ਹੱਕ 'ਚ ਸਿਰਫ਼ 6 ਵਿਧਾਇਕਾਂ ਨੇ ਹੀ ਵੋਟ ਪਾਈ ਸੀ। ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਪਹਿਲਾਂ ਜਾਖੜ ਦੇ ਇਸ ਬਿਆਨ ਨੇ ਕਾਂਗਰਸ 'ਚ ਤਰਥੱਲੀ ਮਚਾ ਦਿੱਤੀ ਹੈ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨਾ ਬਣ ਸਕਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਡਿਪਟੀ ਸੀਐਮ ਦੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਸੀ। ਹਾਲਾਂਕਿ ਜਾਖੜ ਨੇ ਕਾਂਗਰਸੀ ਵਿਧਾਇਕਾਂ ਤੇ ਹਾਈਕਮਾਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਜਾਖੜ ਦਾ ਨਾਂ ਉਦੋਂ ਆਇਆ ਜਦੋਂ ਉਹ ਵਿਧਾਇਕ ਵੀ ਨਹੀਂ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਨੀਲ ਜਾਖੜ ਦਾ ਮੁੱਖ ਮੰਤਰੀ ਬਣਨਾ ਤੈਅ ਸੀ। ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਬੰਗਲੁਰੂ ਤੋਂ ਵਾਪਸ ਬੁਲਾ ਲਿਆ ਸੀ। ਹਾਲਾਂਕਿ ਆਖਰੀ ਸਮੇਂ 'ਤੇ ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਕਿਹਾ ਕਿ ਪੰਜਾਬ ਸਿੱਖ ਸੂਬਾ ਹੈ ਤੇ ਮੁੱਖ ਮੰਤਰੀ ਸਿੱਖ ਚਿਹਰਾ ਹੋਣਾ ਚਾਹੀਦਾ ਹੈ। ਸੁਨੀਲ ਜਾਖੜ ਹਿੰਦੂ ਹਨ, ਇਸ ਲਈ ਕਾਂਗਰਸ ਨੇ ਆਖਰੀ ਸਮੇਂ 'ਤੇ ਫ਼ੈਸਲਾ ਬਦਲ ਲਿਆ।
ਇਸ ਤੋਂ ਪਹਿਲਾਂ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੀ ਇਸ ਗੱਲ ਨੂੰ ਮੰਨ ਚੁੱਕੇ ਹਨ ਕਿ ਇੱਕ ਵਾਰ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਸੀਐਮ ਬਣਾਉਣ ਲਈ ਹਾਂ ਕਰ ਦਿੱਤੀ ਸੀ। ਹਾਲਾਂਕਿ ਫਿਰ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਸਨ। ਫਿਰ ਚਰਚਾ ਇਹ ਸੀ ਕਿ ਰੰਧਾਵਾ ਦਾ ਨਾਂ ਆਉਣ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਕਿਸੇ ਜੱਟ ਸਿੱਖ ਨੂੰ ਸੀਐਮ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਵੀ ਸੀਐਮ ਬਣਨ ਦੀ ਦੌੜ 'ਚ ਸੀ।
ਪੰਜਾਬ 'ਚ ਕਾਂਗਰਸ ਇੱਕ ਵੱਡੇ ਹਿੰਦੂ ਚਿਹਰੇ ਨੂੰ ਗੁਆ ਰਹੀ ਹੈ। ਪੰਜਾਬ 'ਚ ਉਨ੍ਹਾਂ ਕੋਲ ਸਭ ਤੋਂ ਵੱਡੇ ਹਿੰਦੂ ਚਿਹਰੇ ਵਜੋਂ ਸੁਨੀਲ ਜਾਖੜ ਹੈ, ਪਰ ਸਿੱਖ ਚਿਹਰਿਆਂ ਨੂੰ ਕਾਂਗਰਸ ਦੇ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਵਜੋਂ ਰੱਖਿਆ ਹੈ। ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਕਾਂਗਰਸ ਨੇ 32% ਦਲਿਤ ਵੋਟ ਬੈਂਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ 38% ਹਿੰਦੂ ਵੋਟ ਬੈਂਕ ਦੀ ਚਿੰਤਾ ਹੈ। ਇਹੀ ਕਾਰਨ ਹੈ ਕਿ ਸਿੱਧੂ ਵਾਰ-ਵਾਰ ਦੁਹਰਾਉਂਦੇ ਹਨ ਕਿ ਪਿਤਾ ਸਿੱਖ ਤੇ ਮਾਂ ਹਿੰਦੂ ਹੈ।
ਇਹ ਵੀ ਪੜ੍ਹੋ: Balbir Singh Rajewal: ਕਿਸਾਨਾਂ ਦੇ ਸੀਐਮ ਚਿਹਰੇ ਬਲਬੀਰ ਸਿੰਘ ਰਾਜੇਵਾਲ ਕੋਲ ਕਰੋੜਾਂ ਦੀ ਜਾਇਦਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin