Sidhu Musewala Murder: ਹੁਣ ਤੱਕ ਤਿੰਨ ਸ਼ੂਟਰਾਂ ਦੀ ਹੋ ਚੁੱਕੀ ਪਛਾਣ, ਗੋਲਡੀ ਬਰਾੜ ਨੂੰ ਭਾਰਤ ਲਿਆਏਗੀ ਸਰਕਾਰ
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਤਿੰਨ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ, ਜਿਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਕੇਂਦਰੀ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ਪੰਜਾਬ ਪੁਲਿਸ ਜਲਦ ਹੀ ਗੋਲਡੀ ਬਰਾੜ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰੇਗੀ।
ਉਧਰ, ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਪੁਲਿਸ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਏਗੀ। ਮਾਨਸਾ ਦੇ ਐਸਐਸਪੀ ਡਾ. ਗੌਰਵ ਤੁਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਲਾਰੈਂਸ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਦਿੱਲੀ ਦੇ ਸਪੈਸ਼ਲ ਸੈੱਲ ਕੋਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਸ ਦਾ ਰਿਮਾਂਡ ਖਤਮ ਹੋਵੇਗਾ, ਪੰਜਾਬ ਪੁਲਿਸ ਉਸ ਦਾ ਰਿਮਾਂਡ ਲੈ ਲਵੇਗੀ। ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਮਾਨਸਾ ਲਿਆਂਦਾ ਜਾਵੇਗਾ। ਪੰਜਾਬ ਪੁਲਿਸ ਦੀ SIT ਨੇ ਆਪਣੀ ਸਾਰੀ ਕਾਗਜੀ ਕਾਰਵਾਈ ਕਰ ਲਈ ਹੈ।
ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਕਿ ਮੂਸੇਵਾਲਾ ਦੇ ਕਤਲ 'ਚ ਕੌਣ-ਕੌਣ ਸ਼ਾਮਲ ਹੈ, ਉਸ ਨੂੰ ਹਥਿਆਰ ਕਿਸ ਨੇ ਮੁਹੱਈਆ ਕਰਵਾਏ ਸਨ। ਸਾਰੀ ਰੇਕੀ ਕਿਸਨੇ ਕੀਤੀ? ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਮੂਸੇਵਾਲਾ ਬਿਨਾਂ ਬੁਲੇਟ ਪਰੂਫ ਗੱਡੀ ਤੇ ਗੰਨਮੈਨ ਦੇ ਜਾ ਰਿਹਾ ਹੈ? ਜਦੋਂਕਿ ਗੈਂਗਸਟਰ ਲਾਰੈਂਸ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸ ਨੂੰ ਡਰ ਹੈ ਕਿ ਪੰਜਾਬ ਪੁਲਿਸ ਉਸਨੂੰ ਮੁਕਾਬਲੇ 'ਚ ਮਾਰ ਦੇਵੇਗੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਨਾ ਭੇਜਿਆ ਜਾਵੇ। ਜਾਂਚ ਕਿਸੇ ਹੋਰ ਰਾਜ, ਤਿਹਾੜ ਜੇਲ੍ਹ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣੀ ਚਾਹੀਦੀ ਹੈ।
ਲਾਰੈਂਸ ਨੇ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ, ਉਸਨੇ ਇਸ ਨੂੰ ਵਾਪਸ ਲੈ ਲਿਆ। ਇਸ ਦਾ ਕਾਰਨ ਇਹ ਹੈ ਕਿ ਫਿਲਹਾਲ ਉਸ ਨੂੰ ਲਿਆਉਣ ਲਈ ਪੰਜਾਬ ਪੁਲਿਸ ਕੋਲ ਕੋਈ ਵਾਰੰਟ ਨਹੀਂ ਹੈ। ਗੈਂਗਸਟਰ ਲਾਰੈਂਸ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗਾ। ਜਿਸ ਵਿੱਚ ਪੰਜਾਬ ਲਿਆਉਣ ਸਮੇਂ ਸੁਰੱਖਿਆ ਦੀ ਨਿਗਰਾਨੀ ਕਰਨ ਦੀ ਮੰਗ ਕੀਤੀ ਜਾਵੇਗੀ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਗੈਂਗ ਦਾ ਨਾਂ ਆਇਆ ਹੈ। ਉਸ ਦੇ ਕਰੀਬੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।